ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਇਸ ਕਾਲਮ ਸਬੰਧੀ ਆਈਆਂ ਟਿੱਪਣੀਆਂ / ਸੁਆਲਾਂ ਦੇ ਜਵਾਬ ਸ: ਅਮਰਜੀਤ ਸਿੰਘ ਸੰਧੂ ਸਾਹਿਬ ਵੱਲੋਂ ਹੀ ਦਿੱਤੇ ਜਾਣਗੇ । ਕਿਰਪਾ ਕਰਕੇ ਆਪਣੇ ਵਿਚਾਰ ਆਰਸੀ ਨੂੰ ਈਮੇਲ ਕਰਕੇ ਹੀ ਭੇਜੋ ਜੀ। ਬਹੁਤ-ਬਹੁਤ ਸ਼ੁਕਰੀਆ।

Wednesday, September 22, 2010

ਅਮਰਜੀਤ ਸਿੰਘ ਸੰਧੂ - ਆਓ ਗ਼ਜ਼ਲ ਲਿਖੀਏ - ਭਾਗ - 1 ( ਅ )

ਆਓ ਗ਼ਜ਼ਲ ਲਿਖੀਏ ਭਾਗ 1 ( ਅ )

ਵਿਆਕਰਣ, ਕਾਵਿ-ਵਿਆਕਰਣ, ਪਿੰਗਲ ਅਤੇ ਅਰੂਜ਼

ਲੇਖ

ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

******

ਕਵਿਤਾ:- ਕਵਿਤਾਨੂੰ ਰੂਪਕ ਪੱਖੋਂ ਪ੍ਰੀਭਾਸ਼ਿਤ ਕਰਨਾ ਹੋਵੇ ਤਾਂ ਇਉਂ ਕਿਹਾ ਜਾ ਸਕਦਾ ਹੈ ਕਿ ਜੋ ਰਚਨਾ ਸਾਰੀ ਦੀ ਸਾਰੀ ਇੱਕ ਨਿਸ਼ਚਿੱਤ ਬਹਿਰ ਜਾਂ ਛੰਦ ਵਿੱਚ ਲਿਖੀ ਹੋਈ ਅਤੇ ਲੈਅ-ਬੱਧ ਹੋਵੇ ਉਸ ਨੂੰ ਕਵਿਤਾਕਿਹਾ ਜਾਂਦਾ ਹੈ। ਕਵਿਤਾ ਜਿਸ ਛੰਦ ਅਥਵਾ ਬਹਿਰ ਵਿੱਚ ਸ਼ੁਰੂ ਕੀਤੀ ਜਾਂਦੀ ਹੈ ਆਮ ਤੌਰ ਤੇ ਸਾਰੀ ਦੀ ਸਾਰੀ ਉਸੇ ਬਹਿਰ ਜਾਂ ਛੰਦ ਵਿੱਚ ਪੂਰੀ ਕੀਤੀ ਜਾਂਦੀ ਹੈ। ਇਹ ਹਿੰਦੋਸਤਾਨੀ ਪਿੰਗਲਦੇ ਕਿਸੇ ਛੰਦ ਵਿੱਚ ਵੀ ਹੋ ਸਕਦੀ ਹੈ ਤੇ ਅਰਬੀ ਉਰੂਜ਼ਦੀ ਕਿਸੇ ਬਹਿਰ ਵਿੱਚ ਵੀ, ਮਤਲਬ ਤਾਂ ਇੱਕ ਨਪੀ-ਤੁਲੀ ਲੈਅ ਨਿਭਾਉਣ ਤੋਂ ਹੈ। ਭਾਵੇਂ ਕਿ ਕਵਿਤਾ ਵਿੱਚ ਕਾਫ਼ੀਆਅਤੇ ਰਦੀਫ਼’ (ਤੁਕਾਂਤ) ਨਿਭਾਉਣੇ ਜ਼ਰੂਰੀ ਨਹੀਂ, ਕਿਉਂਕਿ ਇਹ ਕਵਿਤਾ ਨੂੰ ਹੋਰ ਸੁੰਦਰ ਬਣਾਉਣ ਵਾਸਤੇ ਵਰਤੇ ਜਾਣ ਵਾਲੇ ਗਹਿਣੇ (ਅਲੰਕਾਰ) ਹੀ ਹਨ, ਕਵਿਤਾ ਦੇ ਜਿਸਮ ਦੇ ਜ਼ਰੂਰੀ ਅੰਗ ਨਹੀਂ, ਪਰ ਫਿਰ ਵੀ ਜੇ ਅਸੀਂ ਕਾਫ਼ੀਆ-ਰਦੀਫ਼ ਨਿਸ਼ਚਿਤ ਕਰਕੇ ਕਵਿਤਾ ਲਿਖਦੇ ਹਾਂ ਤਾਂ ਆਮ ਤੌਰ ਤੇ ਇਹ ਕਾਫ਼ੀਏ (ਤੁਕਾਂਤ) ਦੋ-ਦੋ ਤੁਕਾਂ (ਲਾਈਨਾਂ) ਦੇ ਵੀ ਮਿਲਦੇ ਰੱਖ ਸਕਦੇ ਹਾਂ, ਚਾਰ-ਚਾਰ ਤੁਕਾਂ ਦੇ ਵੀ ਤੇ ਇਸ ਤੋਂ ਵੱਧ ਤੁਕਾਂ ਦੇ ਵੀ ਕਾਫ਼ੀਏ ਮਿਲਾਏ ਜਾ ਸਕਦੇ ਹਨ। ਪਰ ਕਾਫ਼ੀਏ ਦੇ ਨਿਭਾਅ ਵਾਲੀਆਂ ਤੁਕਾਂ ਦੀ ਗਿਣਤੀ ਇੱਕ ਵਾਰ ਨਿਸ਼ਚਿਤ ਕਰ ਲਏ ਜਾਣ ਮਗਰੋਂ ਜੇ ਉਸ ਗਿਣਤੀ ਨੂੰ ਸਾਰੀ ਕਵਿਤਾ ਦੌਰਾਨ ਉਸੇ ਤਰ੍ਹਾਂ ਨਿਭਾ ਲਿਆ ਜਾਵੇ ਤਾਂ ਬਹੁਤ ਖ਼ਰੀ ਗੱਲ ਹੈ। ਕਈ ਕਵਿਤਾਵਾਂ ਵਿੱਚ ਕਦੀ ਦੋ-ਦੋ ਤੁਕਾਂ ਦੇ ਤੁਕਾਂਤ, ਕਦੀ ਚਾਰ-ਚਾਰ ਤੁਕਾਂ ਦੇ ਤੁਕਾਂਤ ਅਤੇ ਕਦੀ ਇਸ ਤੋਂ ਵੱਧ ਤੁਕਾਂ ਦੇ ਤੁਕਾਂਤ ਵੀ ਮਿਲਾਏ ਮਿਲਦੇ ਹਨ। ਇਹ ਭਾਵੇਂ ਕੋਈ ਬਹੁਤ ਵੱਡਾ ਦੋਸ਼ ਤਾਂ ਨਹੀਂ ਪਰ ਇਹ ਬੇਤਰਤੀਬੀ ਕਵਿਤਾ ਦੀ ਕੰਟੀਨਿਊਟੀ ਵਿੱਚ ਰੁਕਾਵਟ ਜ਼ਰੂਰ ਪਾਉਂਦੀ ਹੈ। ਇਸ ਤੋਂ ਬਚਣਾ ਹੀ ਭਲਾ ਹੈ।

-----

ਵਿਸ਼ੇ ਪੱਖੋਂ ਇੱਕ ਕਵਿਤਾ ਵਿੱਚ ਇੱਕ ਹੀ ਵਿਸ਼ਾ ਨਿਭਾਇਆ ਜਾਂਦਾ ਹੈ। ਸਾਰੀ ਕਵਿਤਾ ਵਿੱਚ ਉਸੇ ਹੀ ਵਿਸ਼ੇ ਨੂੰ ਵਿਸਥਾਰ ਸਹਿਤ ਬਿਆਨ ਕੀਤਾ ਜਾਂਦਾ ਹੈ। ਉਸ ਵਿਸ਼ੇ ਦੀਆਂ ਪਰਤਾਂ ਅਲੱਗ-ਅਲੱਗ ਅਤੇ ਬਹੁ-ਗਿਣਤੀ ਵਿੱਚ ਖੁੱਲ੍ਹਦੀਆਂ ਹੋ ਸਕਦੀਆਂ ਹਨ, ਪਰ ਮੁੱਖ ਵਿਸ਼ਾ ਇੱਕ ਹੀ ਰਹਿਣਾ ਚਾਹੀਦਾ ਹੈ।

----

ਕਲਾਤਮਿਕ ਤੌਰ ਤੇ ਇੱਕ ਕਵਿਤਾ ਪਾਠਕ ਦੀ ਸੋਚ-ਪੱਧਰ ਤੋਂ ਸਹਿ-ਸੁਭਾਅ ਹੀ ਸ਼ੁਰੂ ਹੁੰਦੀ ਹੈ। ਫਿਰ ਉਹ ਚੱਲਦੀ ਚੱਲਦੀ ਅਤੇ ਪਾਠਕ ਨੂੰ ਆਪਣੇ ਨਾਲ ਨਾਲ ਤੋਰਦੀ ਹੋਈ ਆਪਣੀ ਮੰਜ਼ਿਲ ਦੀ ਬੁਲੰਦੀ ਵੱਲ ਚੜ੍ਹਦੀ ਜਾਂਦੀ ਹੈ। ਕਲਾਈਮੈਕਸ (ਸਿਖ਼ਰ) ਤੇ ਪਹੁੰਚ ਕੇ ਪਾਠਕ ਨੂੰ ਕੁਝ ਸੋਚਣ ਵਾਸਤੇ ਆਜ਼ਾਦ ਛੱਡ ਕੇ ਇੱਕ ਦਮ ਵੀ ਖ਼ਤਮ ਹੋ ਸਕਦੀ ਹੈ ਤੇ ਅੰਤ ਵਿੱਚ ਪੂਰੀ ਕਵਿਤਾ ਦਾ ਸਿੱਟਾ ਜਾਂ ਸਬਕ ਵੀ ਦਰਸਾਇਆ ਜਾ ਸਕਦਾ ਹੈ। ਇਹ ਮਰਜ਼ੀ ਸ਼ਾਇਰ ਦੀ ਆਪਣੀ ਹੁੰਦੀ ਹੈ ਕਿ ਉਸ ਨੇ ਕਵਿਤਾ ਨੂੰ ਕਿਸ ਤਰ੍ਹਾਂ ਸਮਾਪਤ ਕਰਨਾ ਹੈ।

ਉਦਾਹਰਣ ਵਜੋਂ ਉਸਤਾਦ ਜਨਾਬ ਦੀਪਕ ਜੈਤੋਈ ਸਾਹਿਬ ਦੀ ਇਕ ਨਜ਼ਮ ਪੇਸ਼ ਹੈ-

ਬਰਖਾ ਬਹਾਰ

(ਉਸਤਾਦ ਜਨਾਬ ਦੀਪਕ ਜੈਤੋਈ ਸਾਹਿਬ)

ਆਇਆ ਸੌਣ ਜਵਾਨ ਹੋ ਗਈ ਕੁਦਰਤ,

ਇਹ ਜ਼ਮੀਨ ਏਦਾਂ ਸਬਜ਼-ਜ਼ਾਰ ਹੋਈ।

ਜਿੰਦਾਂ ਕੰਤ ਪਰਦੇਸੀ ਦੇ ਘਰੇ ਆਇਆਂ,

ਲਾਵੇ ਹਾਰ-ਸ਼ਿੰਗਾਰ ਮੁਟਿਆਰ ਕੋਈ।

..........

ਉੱਠੀ ਘਟਾ, ਬੱਦਲ ਐਸੇ ਹੋਏ ਨੀਵੇਂ,

ਜਿੱਦਾਂ ਧਰਤੀ ਤੇ ਆਉਣ ਨੂੰ ਤਰਸਦੇ ਨੇ।

ਫੇਰ ਇੰਜ ਬਰਸੇ ਜਿੱਦਾਂ ਸੌਣ ਲੱਗੇ,

ਨੈਣ ਕਿਸੇ ਵਿਯੋਗਣ ਦੇ ਬਰਸਦੇ ਨੇ।

..........

ਬੱਦਲ ਜਦੋਂ ਟਕਰਾਉਣ, ਖੜਾਕ ਹੋਵੇ,

ਛਾਤੀ ਧੜਕਦੀ ਸੁਹਲ ਸੁਆਣੀਆਂ ਦੀ।

ਬਿਜਲੀ ਲਿਸ਼ਕਦੇ ਸਾਰ ਅਲੋਪ ਹੋਵੇ,

ਜਿੱਦਾਂ ਦੋਸਤੀ ਲਾਲਚੀ ਬਾਣੀਆਂ ਦੀ।

...........

ਝੀਲਾਂ ਭਰੀਆਂ ਨੇ ਐਨ ਕਿਨਾਰਿਆਂ ਤਕ,

ਅਰਸ਼ੋਂ ਉੱਤਰੀ ਡਾਰ ਮੁਰਗਾਬੀਆਂ ਦੀ।

ਵੱਟਾਂ ਟੁੱਟੀਆਂ ਇੰਜ ਹਰ ਖੇਤ ਦੀਆਂ,

ਤੌਬਾ ਟੁੱਟਦੀ ਜਿਵੇਂ ਸ਼ਰਾਬੀਆਂ ਦੀ।

...............

ਮੋਰ ਨੱਚਦੇ, ਕੋਈਲਾਂ ਕੂਕ ਪਈਆਂ,

ਦੀਪਕ ਜਗੇ ਪਤੰਗੇ ਆ ਫੁੜਕਦੇ ਨੇ।

ਪਾਉਂਦੇ ਸ਼ੋਰ ਬਰਸਾਤੀ ਦਰਿਆ ਏਦਾਂ,

ਜਿੱਦਾਂ ਨਵੇਂ ਰੱਜੇ ਬੰਦੇ ਭੁੜਕਦੇ ਨੇ।

.............

ਨਿਰਮਲ ਨੀਰ ਗੰਧਲਾਅ ਗਿਆ ਭੁੰਏਂ ਪੈ ਕੇ ,

ਅਕਸਰ ਏਦਾਂ ਹੀ ਹੁੰਦੈ ਦੁਸ਼ਵਾਰੀਆਂ ਵਿਚ।

ਜਿੱਦਾਂ ਸ਼ਾਇਰ ਦੀ ਬੁੱਧੀ ਮਲੀਨ ਹੋਵੇ,

ਰਹਿ ਕੇ ਲੀਡਰਾਂ ਅਤੇ ਵਿਉਪਾਰੀਆਂ ਵਿਚ।

.............

ਪਾਣੀ ਪਿੰਡ ਦਾ ਛੱਪੜਾਂ ਵਿੱਚ ਏਦਾਂ,

ਕੱਠਾ ਹੋ ਗਿਆ ਰੁੜ੍ਹ ਕੇ ਦਲੇਰੀ ਦੇ ਨਾਲ।

ਆਸੇ ਪਾਸੇ ਦੀ ਦੌਲਤ ਸਮੇਟ ਲੈਂਦੇ,

ਸ਼ਾਹੂਕਾਰ ਜਿੱਦਾਂ ਹੇਰਾ ਫੇਰੀ ਦੇ ਨਾਲ।

............

ਆਇਆ ਹੜ੍ਹ, ਰੁੜ੍ਹੀਆਂ ਛੰਨਾਂ, ਢਹੇ ਢਾਰੇ,

ਪਾਣੀ ਦੂਰ ਤਕ ਮਾਰਦਾ ਵਲਾ ਜਾਂਦੈ।

ਵਕ਼ਤ ਜਿਵੇਂ ਗ਼ਰੀਬ ਦੇ ਜਜ਼ਬਿਆਂ ਨੂੰ,

ਪੈਰਾਂ ਹੇਠ ਮਧੋਲਦਾ ਚਲਾ ਜਾਂਦੈ।

............

ਰਾਤੀਂ ਜੁਗਨੂੰਆਂ ਦੇ ਝੁਰਮਟ ਫਿਰਨ ਉਡਦੇ,

ਝੱਲੀ ਜਾਏ ਨਾ ਤਾਬ ਨਜ਼ਾਰਿਆਂ ਦੀ।

ਜਿੱਦਾਂ ਰੁੱਤਾਂ ਦੀ ਰਾਣੀ ਬਰਸਾਤ ਆਈ,

ਸਿਰ ਤੇ ਓੜ੍ਹ ਕੇ ਚੁੰਨੀ ਸਿਤਾਰਿਆਂ ਦੀ।

................

ਚੰਨ ਬੱਦਲਾਂ ਤੋਂ ਬਾਹਰ ਮਸਾਂ ਆਉਂਦੈ,

ਫੌਰਨ ਆਪਣਾ ਮੁੱਖ ਛੁਪਾ ਲੈਂਦੈ।

ਲਹਿਣੇਦਾਰ ਨੂੰ ਵੇਖ ਕਰਜ਼ਾਈ ਜਿੱਦਾਂ,

ਸ਼ਰਮਸਾਰ ਹੋ ਕੇ ਨੀਵੀਂ ਪਾ ਲੈਂਦੈ।

...........

ਮਹਿਕਾਂ ਵੰਡ ਰਹੀਆਂ ਕਲੀਆਂ ਬਾਗ਼ ਅੰਦਰ,

ਫੁੱਲ ਆਪਣੀ ਖ਼ੁਸ਼ਬੂ ਖਿੰਡਾ ਰਹੇ ਨੇ।

ਬਿਨਾਂ ਲਾਲਚੋਂ ਜਿਵੇਂ ਵਿਦਵਾਨ ਬੰਦੇ,

ਆਮ ਲੋਕਾਂ ਨੂੰ ਇਲਮ ਵਰਤਾ ਰਹੇ ਨੇ।

...........

ਲੱਗੇ ਫਲ, ਜ਼ਮੀਨ ਵੱਲ ਝੁਕੇ ਪੌਦੇ,

ਆਉਂਦੇ ਜਾਂਦੇ ਦੇ ਵੱਟੇ ਸਹਾਰਦੇ ਨੇ।

ਜਿੱਦਾਂ ਜਾਹਲਾਂ ਅੱਗੇ ਸ਼ਰੀਫ਼ਜ਼ਾਦੇ,

ਨੀਂਵੇਂ ਹੋ ਕੇ ਵਕਤ ਗੁਜ਼ਾਰਦੇ ਨੇ।

..........

ਸਾਵਣ ਵਿੱਚ ਬਹਾਰ ਕਮਾਲ ਦੀ ਏ,

ਮੈਂ ਕੁਰਬਾਨ ਜਾਵਾਂ ਇਸ ਬਹਾਰ ਉੱਤੇ।

ਰੁੱਤਾਂ ਪਰਤ ਕੇ ਆਉਂਦੀਆਂ ਯਾਰ ਦੀਪਕ’,

ਮੋਏ ਪਰਤਦੇ ਨਹੀਂ ਸੰਸਾਰ ਉੱਤੇ।

-----

ਗੀਤ:- ਗੀਤ ਰੂਪਕ ਪੱਖੋਂ ਕਵਿਤਾ ਨਾਲੋਂ ਜ਼ਰਾ ਵੱਖਰੀ ਨੁਹਾਰ ਰੱਖਦਾ ਹੈ। ਗੀਤ ਸ਼ੁਰੂ ਕਰਦਿਆਂ ਆਮ ਤੌਰ ਤੇ ਕਿਸੇ ਪ੍ਰਚੱਲਿਤ ਲੈਅ ਵਿੱਚ, ਜ਼ਿਆਦਾ ਕਰਕੇ ਦੋ ਤੁਕਾਂ ਵਿੱਚ ਇੱਕ ਸ਼ਿਅਰ ਲਿਖਿਆ ਜਾਂਦਾ ਹੈ। ਇਹ ਗੀਤ ਦਾ ਮੁੱਖੜਾ ਹੁੰਦਾ ਹੈ। ਇਸ ਵਿੱਚ ਗੀਤ ਦਾ ਮੁੱਖ ਵਿਚਾਰ ਵਿਅਕਤ ਕੀਤਾ ਜਾਂਦਾ ਹੈ, ਜਿਸ ਨੂੰ ਗੀਤਕਾਰ ਨੇ ਆਪਣੇ ਸਾਰੇ ਗੀਤ ਵਿੱਚ ਪੂਰਾ ਵਿਸਥਾਰ ਦੇਣਾ ਹੁੰਦਾ ਹੈ। ਮੁੱਖੜੇ ਦੇ ਮਗਰੋਂ ਕੁਝ ਹੋਰ ਬੰਦ ਲਿਖੇ ਜਾਂਦੇ ਹਨ। ਇਹ ਬੰਦ ਦੋ-ਦੋ, ਤਿੰਨ-ਤਿੰਨ, ਚਾਰ-ਚਾਰ ਜਾਂ ਇਸ ਤੋਂ ਵੱਧ-ਵੱਧ ਤੁਕਾਂ ਦੇ ਵੀ ਹੋ ਸਕਦੇ ਹਨ। ਇੱਕ ਬੰਦ ਦੀਆਂ ਦੋ-ਦੋ ਤੁਕਾਂ ਦੇ ਤੁਕਾਂਤ ਵੀ ਆਪਸ ਮਿਲਦੇ ਹੋ ਸਕਦੇ ਹਨ ਤੇ ਸਾਰੀਆਂ-ਸਾਰੀਆਂ ਤੁਕਾਂ ਦੇ ਵੀ। ਬੰਦ ਮਗਰੋਂ ਇੱਕ-ਦੋ ਤੁਕਾਂ ਇਸ ਤਰ੍ਹਾਂ ਲਿਖੀਆਂ ਜਾਂਦੀਆਂ ਹਨ ਕਿ ਉਹਨਾਂ ਦਾ ਭਾਵ ਅਤੇ ਤੁਕਾਂਤ ਫਿਰ ਮੁੱਖੜੇ ਦੇ ਤੁਕਾਂਤ ਨਾਲ ਮਿਲ ਜਾਵੇ। ਨਾਲ ਹੀ ਮੁੱਖੜੇ ਦੀ ਪਹਿਲੀ ਜਾਂ ਦੂਜੀ ਤੁਕ ਨੂੰ ਫਿਰ ਦੁਹਰਾਅ ਲਿਆ ਜਾਂਦਾ ਹੈ। ਇਸੇ ਤਰ੍ਹਾਂ ਤਿੰਨ, ਚਾਰ ਜਾਂ ਇਸ ਤੋਂ ਵੱਧ ਬੰਦ ਲਿਖਕੇ ਤੇ ਹਰ ਬੰਦ ਨੂੰ ਫਿਰ ਮੁੱਖੜੇ ਨਾਲ ਮਿਲਾ ਕੇ ਗੀਤ ਸੰਪੂਰਨ ਕਰ ਲਿਆ ਜਾਂਦਾ ਹੈ।

-----

ਗੀਤ ਦੇ ਮੁੱਖੜੇ ਨੂੰ ਸਥਾਈਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸਾਰੇ ਗੀਤ ਦੇ ਹਰ ਬੰਦ ਮਗਰੋਂ ਸਥਾਈ ਤੌਰ’ ’ਤੇ ਦੁਹਰਾਈ ਜਾਂਦੀ ਹੈ। ਗੀਤ ਦੇ ਬੰਦ ਨੂੰ ਅੰਤਰਾ ਵੀ ਕਿਹਾ ਜਾਂਦਾ, ਕਿਉਂਕਿ ਅੰਤਰੇ ਆਪਸ ਵਿੱਚ ਥੋੜ੍ਹੇ ਥੋੜ੍ਹੇ ਅੰਤਰ ਤੇ ਹੁੰਦੇ ਹਨ। ਵਿਚਕਾਰ ਸਥਾਈ ਦੀਆਂ ਤੁਕਾਂ ਆ ਜਾਣ ਕਾਰਨ ਅੰਤਰੇ ਆਪਸ ਵਿੱਚ ਲਗਾਤਾਰ ਜੁੜੇ ਹੋਏ ਨਹੀਂ ਹੁੰਦੇ। ਸਥਾਈ ਅਤੇ ਅੰਤਰੇ ਦੀਆਂ ਤੁਕਾਂ ਦੀ ਲੰਬਾਈ (ਵਜ਼ਨ) ਬੇਸ਼ੱਕ ਆਪਸ ਵਿੱਚ ਮਿਲਦੇ ਹੋਣ ਜਾਂ ਨਾ, ਪਰ ਸੰਗੀਤ ਪੱਖੋਂ ਇਹਨਾਂ ਦਾ ਤਾਲ ਜ਼ਰੂਰ ਇੱਕ ਹੀ ਹੋਣਾ ਚਾਹੀਦਾ ਹੈ ਤਾਂ ਕਿ ਗਾਉਣ ਵਾਲੇ ਗਾਇਕ ਨੂੰ ਮੁਸ਼ਕਿਲ ਨਾ ਪੇਸ਼ ਆਵੇ।

ਨਮੂਨੇ ਵਜੋਂ ਆਪਣੇ ਪਰਮ-ਮਿੱਤਰ ਸ. ਬਲਬੀਰ ਸਿੰਘ ਸੈਣੀਦਾ ਇੱਕ ਗੀਤ ਪੇਸ਼ ਕਰਾਂਗਾ-

ਗੀਤ

(ਬਲਬੀਰ ਸਿੰਘ ਸੈਣੀ)

ਸਥਾਈ: ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।

ਜਾ, ਆ ਕੇ ਕਰ ਜਾ ਅੜਿਆ, ਵਸਲਾਂ ਦੀ ਕੋਈ ਬਾਤ।

........

ਅੰਤਰਾ: ਸਭਨਾ ਲਈ ਮੈਂ ਬਣੀ ਪਰਾਈ, ਵੈਰਨ ਬਣੀ ਹਯਾਤੀ।

ਕਿਸੇ ਨਾ ਜਾਣਿਆ ਦਰਦ ਦਿਲੇ ਦਾ, ਕਿਸੇ ਨਾ ਪੀੜ ਪਛਾਤੀ।

ਪੈਰ ਪੈਰ ਤੇ ਮਿਲਣ ਠ੍ਹੋਕਰਾਂ, ਹੰਝੂਆਂ ਦੀ ਸੌਗ਼ਾਤ।

ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।

........

ਅੰਤਰਾ: ਸੁਣਿਆ ਸੀ ਕਿ ਹੁਸਨ-ਇਸ਼ਕ ਨਾ, ਵੇਖਣ ਚਿੱਟਾ ਕਾਲਾ।

ਇਹ ਤਾਂ ਅਪਣੇ ਪਿਆਰੇ ਦੀ ਬੱਸ, ਰਹਿਣ ਫੇਰਦੇ ਮਾਲਾ।

ਐਪਰ ਇਹ ਵੀ ਕੂੜ-ਕਹਾਣੀ, ਸੁਣੀ-ਸੁਣਾਈ ਬਾਤ।

ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।

........

ਅੰਤਰਾ: ਮੇਰਾ ਹੀ ਜਦ ਰਿਹਾ ਨਾ ਮੇਰਾ, ਕਿਸ ਨੂੰ ਦਰਦ ਸੁਣਾਵਾਂ?

ਇੰਨਾਂ ਤਾਂ ਦੱਸ ਓ ਨਿਰਮੋਹੀਆ, ਕਿਹੜੇ ਖੂਹ ਪੈ ਜਾਵਾਂ?

ਕਦ ਖਿੜਨੀ ਏ ਕਲੀ ਆਸ ਦੀ, ਹੋਣੀ ਕਦ ਪ੍ਰਭਾਤ।

ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।

-----

ਵਾਰ:- ਵਾਰਕਾਵਿ-ਸਾਹਿਤ ਦੀ ਇੱਕ ਪ੍ਰਮੁੱਖ ਵੰਨਗੀ ਹੈ। ਵਾਰ ਦੇ ਕੁਝ ਆਪਣੇ ਹੀ ਨਿਸ਼ਚਿਤ ਛੰਦ ਹੁੰਦੇ ਹਨ ਜੋ ਜੋਸ਼ੀਲੀਆਂ ਤਰਜ਼ਾਂ ਤੇ ਗਾਏ ਜਾਂਦੇ ਹਨ। ਵਾਰ ਦਾ ਵਿਸ਼ਾ ਵੀ ਜੋਸ਼ੀਲਾ ਅਤੇ ਬੀਰ-ਰਸ ਵਾਲਾ ਹੁੰਦਾ ਹੈ। ਵਾਰ ਆਮ ਤੌਰ ਤੇ ਯੋਧਿਆਂ ਦੇ ਬੀਰਤਾ ਭਰੇ ਕਾਰਨਾਮਿਆਂ ਦਾ ਅਤੇ ਉਹਨਾਂ ਦੀ ਬਹਾਦਰੀ ਦਾ ਬਿਆਨ ਕਰਦੀ ਹੈ। ਕੁਝ ਲੋਕਾਂ ਨੇ ਪ੍ਰੰਪਰਾ ਤੋਂ ਬਾਗ਼ੀ ਹੋ ਕੇ ਸ਼ਾਨਤੀ ਦੀਆਂ ਵਾਰਾਂ ਵੀ ਲਿਖੀਆਂ ਪਰ ਉਹ ਮਕਬੂਲ ਨਹੀਂ ਹੋ ਸਕੀਆਂ। ਸ਼ਾਂਤ-ਰਸ ਵਾਸਤੇ ਹੋਰ ਵਿਧਾਵਾਂ ਅਤੇ ਹੋਰ ਛੰਦ ਬਹੁਤ ਹਨ। ਵਾਰ ਕੇਵਲ ਬੀਰ-ਰਸ ਦੀ ਹੀ ਪ੍ਰਤੀਨਿਧਤਾ ਕਰਦੀ ਚੰਗੀ ਲੱਗਦੀ ਹੈ।

-----

ਗ਼ਜ਼ਲ:- ਗ਼ਜ਼ਲਰੂਪਕ ਪੱਖ ਤੋਂ ਬਹੁਤ ਸਖ਼ਤ ਪਾਬੰਦੀਆਂ ਵਿੱਚ ਰਹਿ ਕੇ ਵਿਚਰਦੀ ਹੋਈ ਵਿਚਾਰਕ ਪੱਖੋਂ ਅਤਿਅੰਤ ਨਾਜ਼ੁਕ ਸਿਨਫ਼ (ਵਿਧਾ) ਹੈ। ਇਉਂ ਸਮਝ ਲਉ ਕਿ ਚੀਰ ਕੇ, ਕੱਟ ਕੇ, ਪੀਹ ਸੁੱਟਣ ਵਾਲੇ ਸੁਭਾਅ ਅਤੇ ਸਮਰੱਥਾ ਰੱਖਣ ਵਾਲੇ ਬੱਤੀ ਦੰਦਾਂ ਵਿੱਚ ਵਿਚਰਨ ਵਾਲੀ ਅਤਿਅੰਤ ਨਾਜ਼ੁਕ ਮਾਸ ਦੇ ਲੋਥੜੇ ਵਰਗੀ ਜੀਭ ਵਾਂਗ ਹੀ ਹੈ ਗ਼ਜ਼ਲ। ਗ਼ਜ਼ਲ ਬਾਕੀ ਕਾਵਿ-ਵਿਧਾਵਾਂ ਵਿ¤ਚੋਂ ਸ਼ਕਲ-ਸੂਰਤ ਤੋਂ ਵੀ ਵੱਖਰੀ ਪਹਿਚਾਣੀ ਜਾ ਸਕਦੀ ਹੈ। ਦੋ-ਦੋ ਤੁਕਾਂ (ਮਿਸਰਿਆਂ) ਵਾਲੇ ਤਕਰੀਬਨ 5 ਤੋਂ 13 ਅਲੱਗ-ਅਲੱਗ ਸ਼ਿਅਰਾਂ ਵਾਲੀ ਇਹ ਰਚਨਾ, ਜੇ ਸਹੀ ਤੌਰ ਤੇ ਛਾਪੀ ਜਾਂ ਲਿਖੀ ਜਾਵੇ ਤਾਂ ਇਹ ਪਹਿਲੀ ਨਜ਼ਰੇ ਹੀ ਆਪਣੀ ਪਹਿਚਾਣ ਦੱਸ ਦਿੰਦੀ ਹੈ।

------

ਭਾਵੇਂ ਹਿੰਦੋਸਤਾਨੀ ਪਿੰਗਲਦੇ ਵੀ ਕੁਝ ਕੁ ਛੰਦਾਂ ਵਿੱਚ ਗ਼ਜ਼ਲ ਲਿਖੀ ਗਈ ਹੈ ਪਰ ਆਮ ਤੌਰ ਤੇ ਇਹ ਅਰਬੀ-ਫ਼ਾਰਸੀ ਅਰੂਜ਼ਦੇ ਛੰਦਾਂ ਵਿੱਚ ਹੀ ਲਿਖੀ ਜਾਂਦੀ ਹੈ, ਜਿਹਨਾਂ ਨੂੰ ਬਹਿਰਾਂਕਿਹਾ ਜਾਂਦਾ ਹੈ। ਗ਼ਜ਼ਲ ਬਹੁਤ ਸਾਰੀਆਂ ਬਹਿਰਾਂ ਵਿੱਚ ਲਿਖੀ ਜਾਂਦੀ ਹੈ ਪਰ ਅਰੂਜ਼-ਵਿਗਿਆਨੀਆਂ ਦੀ ਵਿਦਵਤਾ ਦਾ ਕਮਾਲ ਇਸ ਗੱਲ ਵਿੱਚ ਹੈ ਕਿ ਉਹਨਾਂ ਹਰ ਸੰਭਵ ਬਹਿਰ ਪਹਿਲਾਂ ਹੀ ਨਿਸ਼ਚਿਤ ਕਰ ਰੱਖੀ ਹੈ ਤੇ ਹੁਣ ਕੋਈ ਨਵੀਂ ਬਹਿਰ ਦੀ ਕਾਢ ਕੱਢਣੀ ਤਕਰੀਬਨ ਅਸੰਭਵ ਵਰਗਾ ਹੀ ਮੁਸ਼ਕਿਲ ਕਾਰਜ ਹੈ।

-----

ਗ਼ਜ਼ਲ ਰੂਪਕ ਪੱਖ ਤੋਂ ਕਿਸੇ ਇੱਕ ਨਿਸ਼ਚਿਤ ਬਹਿਰ ਵਿੱਚ ਲਿਖੇ ਗਏ ਦੋ ਮਿਸਰਿਆਂ (ਤੁਕਾਂ) ਨਾਲ ਸ਼ੁਰੂ ਹੁੰਦੀ ਹੈ। ਇਹਨਾਂ ਦੋਹਾਂ ਮਿਸਰਿਆਂ ਦੇ ਕਾਫ਼ੀਏ (ਤੁਕਾਂਤ) ਆਪਸ ਵਿੱਚ ਮਿਲਦੇ ਹੁੰਦੇ ਹਨ। (ਇੱਥੇ ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਗ਼ਜ਼ਲ ਦੇ ਸੰਧਰਭ ਵਿੱਚ ਕਾਫ਼ੀਆ ਗ਼ਜ਼ਲ ਦਾ ਕੇਵਲ ਜ਼ੇਵਰ (ਅਲੰਕਾਰ) ਹੀ ਨਹੀਂ ਸਗੋਂ ਉਸ ਦੇ ਸਰੀਰ ਦਾ ਇੱਕ ਅਹਿਮ ਅੰਗ ਹੈ, ਜਿਸ ਦੇ ਬਿਨਾਂ ਗ਼ਜ਼ਲ ਦੇ ਵਜੂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।) ਦੋ ਮਿਸਰਿਆਂ (ਤੁਕਾਂ) ਨਾਲ ਬਣੇ ਗ਼ਜ਼ਲ ਦੇ ਪਹਿਲੇ ਸ਼ਿਅਰ ਨੂੰ ਮਤਲਾਕਿਹਾ ਜਾਂਦਾ ਹੈ। ਮਤਲਾਇੱਕ ਤਰ੍ਹਾਂ ਨਾਲ ਪਾਠਕ ਜਾਂ ਸਰੋਤੇ ਨੂੰ ਇਸ ਗੱਲ ਦੀ ਇਤਲਾਹ’ (ਸੂਚਨਾ) ਦਿੰਦਾ ਹੈ ਕਿ ਵਿਚਾਰ-ਅਧੀਨ ਗ਼ਜ਼ਲ ਵਿੱਚ ਕਿਹੜੀ ਬਹਿਰ ਵਰਤੀ ਜਾਵੇਗੀ, ਕਿਹੜੇ ਕਾਫ਼ੀਏ ਹੋਣਗੇ, ਕਿਹੜੀ ਰਦੀਫ਼ ਹੋਵੇਗੀ ਅਤੇ ਕਿਸੇ ਹੱਦ ਤੱਕ ਇਹ ਗ਼ਜ਼ਲ ਕਿਹੜੇ ਮੂਡ ਦੀ ਹੋਵੇਗੀ। ਇਸ ਤੋਂ ਅਗਲੇ ਸ਼ਿਅਰ ਉਪਰੋਕਤ ਇਤਲਾਹ ਅਨੁਸਾਰ ਹੀ ਕਹੇ ਜਾਂਦੇ ਹਨ। ਇੱਕ ਗ਼ਜ਼ਲ ਵਿੱਚ ਕੇਵਲ ਇੱਕ ਮਤਲਾ ਵੀ ਹੋ ਸਕਦਾ ਹੈ ਤੇ ਇਹ ਜ਼ਿਆਦਾ ਗਿਣਤੀ ਵਿੱਚ ਵੀ ਹੋ ਸਕਦੇ ਹਨ। ਪਰ ਚਾਹੇ ਜਿੰਨੇ ਵੀ ਮਤਲੇ ਹੋਣ ਇਹ ਸਾਰੇ ਆਮ ਸ਼ਿਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਆ ਜਾਣੇ ਚਾਹੀਦੇ ਹਨ। ਇੱਕ ਵਾਰ ਆਮ ਸ਼ਿਅਰ ਸ਼ੁਰੂ ਹੋ ਜਾਣ ਮਗਰੋਂ ਕੋਈ ਮਤਲਾ ਨਹੀਂ ਹੋਣਾ ਚਾਹੀਦਾ। ਜੇ ਕਿਸੇ ਸੂਰਤ ਵਿੱਚ ਆਮ ਸ਼ਿਅਰ ਤੋਂ ਮਗਰੋਂ ਵੀ ਮਤਲਾ ਲਿਖਿਆ ਜਾਵੇ ਤਾਂ ਉਸ ਨੂੰ ਚੁੱਕ ਕੇ ਉੱਪਰ ਬਾਕੀ ਮਤਲਿਆਂ ਦੇ ਨਾਲ ਹੀ ਲਿਖ ਦੇਣਾ ਚਾਹੀਦਾ ਹੈ। ਮਤਲਿਆਂ ਵਿੱਚ ਵੀ ਹਰ ਮਤਲੇ ਦਾ ਵਿਸ਼ਾ ਅਲੱਗ ਹੋ ਸਕਦਾ ਹੈ ਅਤੇ ਬਾਕੀਆਂ ਨਾਲੋਂ ਆਜ਼ਾਦ ਤਾਂ ਹੋਣਾ ਹੀ ਚਾਹੀਦਾ ਹੈ। ਯਾਦ ਰਹੇ ਕਿ ਗ਼ਜ਼ਲ ਦਾ ਹਰ ਸ਼ਿਅਰ ਆਪਣੀ ਕਹਾਣੀ ਆਪ ਕਹਿੰਦਾ ਹੈ ਤੇ ਆਪਣੇ ਨਾਲ ਹੀ ਉਸ ਕਹਾਣੀ ਨੂੰ ਵੀ ਸੰਪੂਰਨ ਕਰ ਦਿੰਦਾ ਹੈ। ਕਿਸੇ ਸ਼ਿਅਰ ਦੀ ਕਹਾਣੀ ਨੂੰ ਸੰਪੂਰਨ ਕਰਨ ਲਈ ਲਈ ਦੂਜੇ ਸ਼ਿਅਰ ਦੀ ਸਹਾਇਤਾ ਨਹੀਂ ਲੈਣੀ ਚਾਹੀਦੀ।

-----

ਮਤਲੇ ਜਾਂ ਮਤਲਿਆਂ ਤੋਂ ਮਗਰੋਂ ਆਮ ਸ਼ਿਅਰ ਸ਼ੁਰੂ ਹੋ ਜਾਂਦੇ ਹਨ। ਇਹਨਾਂ ਸ਼ਿਅਰਾਂ ਵਿੱਚ ਵੀ ਵਿਚਾਰਧਾਰਕ ਪੱਖ ਤੋਂ ਹਰ ਸ਼ਿਅਰ ਵਿੱਚ ਵੱਖਰਾ ਵਿਸ਼ਾ ਹੋ ਸਕਦਾ ਹੈ ਤੇ ਹਰ ਸ਼ਿਅਰ ਆਪਣੇ ਆਪ ਵਿੱਚ ਆਜ਼ਾਦ ਹੋਣਾ ਚਾਹੀਦਾ ਹੈ, ਪਰ ਮੂਡ ਜੇ ਇੱਕ ਹੀ ਨਿਭ ਜਾਵੇ ਤਾਂ ਗ਼ਜ਼ਲ ਪਾਠਕਾਂ-ਸਰੋਤਿਆਂ ਤੇ ਆਪਣਾ ਪੂਰਾ ਪੂਰਾ ਪ੍ਰਭਾਵ ਪਾਉਣ ਵਿੱਚ ਜ਼ਿਆਦਾ ਕਾਮਯਾਬ ਰਹਿੰਦੀ ਹੈ। ਰੂਪਕ ਪੱਖੋਂ ਹਰ ਆਮ ਸ਼ਿਅਰ ਦੇ ਪਹਿਲੇ ਮਿਸਰੇ ਦੇ ਅੰਤ ਵਿੱਚ ਕੋਈ ਕਾਫ਼ੀਆ ਨਹੀਂ ਮਿਲਦਾ ਸਗੋਂ ਹਰ ਦੂਸਰੇ ਮਿਸਰੇ ਦਾ ਹੀ ਕਾਫ਼ੀਆ ਫਿਰ ਮਤਲੇ ਦੇ ਕਾਫ਼ੀਏ ਨਾਲ ਮਿਲਦਾ ਹੁੰਦਾ ਹੈ। ਭਾਵੇਂ ਅੱਜ-ਕੱਲ੍ਹ ਆਮ ਸ਼ਿਅਰਾਂ ਦੀ ਗਿਣਤੀ ਨਿਸ਼ਚਿਤ ਤਾਂ ਨਹੀਂ ਰੱਖੀ ਜਾਂਦੀ, ਫਿਰ ਵੀ ਇਹ ਪੰਜ ਤੋਂ ਤੇਰਾਂ ਕੁ ਤੱਕ ਹੀ ਰਹਿਣ ਤਾਂ ਗ਼ਜ਼ਲ ਦਾ ਪੂਰਾ ਪ੍ਰਭਾਵ ਬਣਦਾ ਹੈ।

-----

ਗ਼ਜ਼ਲ ਦੇ ਆਖ਼ਿਰੀ ਸ਼ਿਅਰ, ਜਿਸ ਵਿੱਚ ਸ਼ਾਇਰ ਦਾ ਉਪਨਾਮ ਆਉਂਦਾ ਹੈ, ਉਸ ਨੂੰ ਮਕਤਾਕਿਹਾ ਜਾਂਦਾ ਹੈ। ਮਕਤੇਨਾਲ ਹੀ ਲਿਖੀ ਜਾ ਰਹੀ ਗ਼ਜ਼ਲ ਦਾ ਸਿਲਸਿਲਾ ਖ਼ਤਮ ਕਰ ਦਿੱਤਾ ਜਾਂਦਾ ਹੈ। ਜੇ ਆਖ਼ਿਰੀ ਸ਼ਿਅਰ ਵਿੱਚ ਸ਼ਾਇਰ ਦਾ ਉਪਨਾਮ ਨਾ ਆਉਂਦਾ ਹੋਵੇ ਤਾਂ ਇਸ ਸ਼ਿਅਰ ਨੂੰ ਮਕਤਾਕਹਿਣ ਦੀ ਥਾਂ ਕੇਵਲ ਆਖ਼ਿਰੀ-ਸ਼ਿਅਰਹੀ ਕਿਹਾ ਜਾਂਦਾ ਹੈ। ਗ਼ਜ਼ਲ ਦੇ ਪਹਿਲੇ ਚੰਗੇ ਪ੍ਰਭਾਵ ਵਾਸਤੇ ਜੇ ਮਤਲਾਜ਼ੋਰਦਾਰ ਹੋਣਾ ਚਾਹੀਦਾ ਹੈ ਤਾਂ ਗ਼ਜ਼ਲ ਦੇ ਅੰਤਮ ਅਤੇ ਦੇਰ-ਪਾ ਪ੍ਰਭਾਵ ਵਾਸਤੇ ਮਕਤਾਵੀ ਬਹੁਤ ਜ਼ੋਰਦਾਰ ਹੋਣਾ ਚਾਹੀਦਾ ਹੈ। ਗ਼ਜ਼ਲ ਦੀ ਕਾਮਯਾਬੀ ਵਿੱਚ ਇਸ ਨੁਕਤੇ ਦਾ ਵੀ ਇੱਕ ਵਿਸ਼ੇਸ਼ ਰੋਲ ਰਹਿੰਦਾ ਹੈ।

ਗ਼ਜ਼ਲ ਦੇ ਸ਼ਿਅਰਾਂ ਦਾ ਵਜ਼ਨ ਅਰੂਜ਼ੀ-ਰੁਕਨਾਂਦੀ ਤਰਤੀਬ ਨੂੰ ਸਹੀ ਤਰ੍ਹਾਂ ਸਮਝ ਲੈਣ ਨਾਲ ਹੀ ਨਿਭਦਾ ਹੈ। ਰੁਕਨਾਂ ਦੀ ਜਾਣਕਾਰੀ ਦੇ ਬਿਨਾਂ ਕਹੇ ਗ਼ਜ਼ਲ ਦੇ ਕੁਝ ਸ਼ਿਅਰ ਰੱਬ-ਸਬੱਬੀਂ ਠੀਕ ਲਿਖੇ ਜਾਣ, ਤਾਂ ਇਹ ਗੱਲ ਵੱਖਰੀ ਹੈ ਪਰ ਸਦਾ ਹੀ ਪ੍ਰਮਾਣਿਕ ਤੌਰ ਤੇ ਸਹੀ ਸ਼ਿਅਰ ਕਹਿਣ ਲਈ ਰੁਕਨਾਂ ਦੀ ਜਾਣਕਾਰੀ ਅਤਿਅੰਤ ਜ਼ਰੂਰੀ ਹੈ। ਗ਼ਜ਼ਲ ਲਿਖਣ ਸੰਬੰਧੀ ਭਾਵੇਂ ਕੁਝ ਪੁਸਤਕਾਂ ਹੁਣ ਪੰਜਾਬੀ ਭਾਸ਼ਾ ਵਿੱਚ ਉਪਲੱਭਦ ਹਨ ਪਰ ਅਸਲ ਵਿੱਚ ਇਸ ਦੇ ਸਹੀ ਅਭਿਆਸ ਵਾਸਤੇ ਕਿਸੇ ਕਾਮਿਲ ਉਸਤਾਦ ਦੀ ਅਤਿਅੰਤ ਜ਼ਰੂਰਤ ਹੁੰਦੀ ਹੈ। ਕਿਸੇ ਉਸਤਾਦ ਬਿਨਾਂ ਗ਼ਜ਼ਲ ਲਿਖਣ ਦੀ ਕੋਸ਼ਿਸ਼ ਕਰਨਾ ਹਨੇਰੇ ਵਿੱਚ ਤੀਰ ਮਾਰਨ ਵਰਗੀ ਕਿਰਿਆ ਸਾਬਤ ਹੁੰਦੀ ਹੈ। ਜੋ ਨੁਕਤਾ ਉਸਤਾਦ ਨੇ ਇੱਕ ਇਸ਼ਾਰੇ ਵਿੱਚ ਸਮਝਾ ਦੇਣਾ ਹੁੰਦਾ ਹੈ ਉਹੀ ਨੁਕਤਾ ਕਈ ਵਾਰੀ ਸਾਰੀ ਉਮਰ ਦੀ ਦਿਮਾਗ਼-ਪੱਚੀ ਕਰਨ ਨਾਲ ਵੀ ਪ੍ਰਾਪਤ ਨਹੀਂ ਹੁੰਦਾ। ਉਂਜ ਵੀ ਕਲਾ ਵਿੱਚਲੀਆਂ ਸਾਰੀਆਂ ਬਾਰੀਕੀਆਂ ਲਿਖਤੀ ਗਾਈਡਾਂ ਦੀ ਪਹੁੰਚ ਵਿੱਚ ਨਹੀਂ ਆ ਸਕਦੀਆਂ।

-----

ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਕਿ ਗ਼ਜ਼ਲ ਬਹੁਤ ਨਾਜ਼ੁਕ ਸਿਨਫ਼ ਹੋਣ ਦੇ ਬਾਵਜੂਦ ਬਹੁਤ ਸਖ਼ਤ ਪਾਬੰਦੀਆਂ ਦੇ ਵਿੱਚ ਰਹਿਣ ਦੀ ਆਦੀ ਹੈ। ਇਸ ਨੇ ਰੂਪਕ ਪੱਖੋਂ ਹੀ ਨਹੀਂ ਸਗੋਂ ਵਿਸ਼ਿਅਕ ਪੱਖੋਂ ਵੀ ਬੜੀਆਂ ਪਾਬੰਦੀਆਂ ਹੰਢਾਈਆਂ ਹਨ। ਇਸ ਲਈ ਜਦੋਂ ਇਹ ਪਾਬੰਦੀਆਂ ਦੇ ਕਾਲੇ ਬੁਰਕੇ ਵਿੱਚੋਂ ਦੀ ਜ਼ਰਾ ਜਿਹਾ ਆਪਣਾ ਮੁੱਖ ਵਿਖਾਉਂਦੀ ਹੈ ਤਾਂ ਕਾਲੀ ਘਟਾ ਵਿੱਚੋਂ ਨਿਕਲੇ ਪੂਰਨਮਾਸ਼ੀ ਦੇ ਪੂਰੇ ਚੰਨ ਵਾਂਗੂੰ ਮਨ ਨੂੰ ਮੋਹ ਲੈਂਦੀ ਹੈ। ਖੁੱਲ੍ਹੇ ਅਸਮਾਨ ਵਿੱਚ ਸ਼ਾਇਦ ਹੀ ਚੰਨ ਏਨਾਂ ਖ਼ੂਬਸੂਰਤ ਲੱਗਦਾ ਹੋਵੇ ਜਿੰਨਾਂ ਕਿ ਕਾਲੇ ਬੱਦਲਾਂ ਵਿੱਚੋਂ ਨਿਕਲਣ ਤੇ ਲੱਗਦਾ ਹੈ।

-----

ਵਿਸ਼ੇ ਦੇ ਪੱਖੋਂ ਪਹਿਲਾਂ ਪਹਿਲਾਂ ਗ਼ਜ਼ਲ ਕੇਵਲ ਮਹਿਬੂਬ ਨਾਲ ਗੱਲਾਂ ਕਰਨ ਤੱਕ ਹੀ ਸੀਮਿਤ ਸੀ, ਇਸ ਵਿੱਚ ਵੀ ਇਸ ਨੂੰ ਕਮਾਲ ਹਾਸਿਲ ਸੀ। ਫਿਰ ਇਹ ਮਹਿਬੂਬ ਬਾਰੇਗੱਲਾਂ ਕਰਨ ਲੱਗੀ। ਮਹਿਬੂਬ ਦੀਆਂ ਸਿਫ਼ਤਾਂ ਕਰਨੀਆਂ ਤਾਂ ਕੋਈ ਗ਼ਜ਼ਲ ਤੋਂ ਹੀ ਸਿੱਖੇ। ਫਿਰ ਮਹਿਬੂਬ ਦੇ ਨਾਲ ਨਾਲ ਇਹ ਕਾਦਰ ਦੀ ਕੁਦਰਤ ਦੀ ਖ਼ੂਬਸੂਰਤੀ ਦੀਆਂ ਗੱਲਾਂ ਅਤੇ ਵਡਿਆਈਆਂ ਵੀ ਕਰਨ ਲੱਗੀ। ਇਸ ਰੰਗ ਨੂੰ ਮਾਰਫ਼ਤੀ ਰੰਗਕਿਹਾ ਜਾਂਦਾ ਹੈ ਤੇ ਇਸ ਰੰਗ ਵਿੱਚ ਇਸ ਨੇ ਕਿਆ ਖ਼ਿਆਲ-ਉਡਾਰੀਆਂ ਲਾਈਆਂ। ਫਿਰ ਮਹਿਬੂਬ ਜਾਂ ਕਾਦਰ ਦੇ ਮਿਲਾਪ ਦੇ ਨਾਲ ਨਾਲ ਉਸਦੇ ਵਿਛੋੜੇ ਦੀ ਕਸਕ ਨੂੰ ਵੀ ਪਰਗਟ ਕਰਨ ਲੱਗੀ। ਇੱਥੇ ਆ ਕੇ ਗ਼ਜ਼ਲ ਆਪਣੀ ਪੂਰੀ ਜਵਾਨੀ ਤੇ ਸੀ ਤੇ ਇਸ ਦੌਰ ਵਿੱਚ ਆ ਕੇ ਬਹੁਤ ਹੀ ਬਾ-ਕਮਾਲ ਗ਼ਜ਼ਲਾਂ ਕਹੀਆਂ ਗਈਆਂ, ਜਿਨ੍ਹਾਂ ਦੇ ਸ਼ਿਅਰਾਂ ਦੀਆਂ ਮਿਸਾਲਾਂ ਅੱਜ ਵੀ ਦਿੱਤੀਆਂ ਜਾਂਦੀਆਂ ਹਨ।

-----

ਗ਼ਜ਼ਲ ਇਸ ਮਰਹਲੇ ਨੂੰ ਵੀ ਆਪਣੀ ਮੰਜ਼ਿਲ ਸਮਝ ਕੇ ਇੱਥੇ ਹੀ ਨਹੀਂ ਰੁਕ ਗਈ, ਸਗੋਂ ਇਸ ਨੇ ਆਪਣੇ ਮਹਿਬੂਬ ਦੀ ਮੁਹੱਬਤ, ਮਿਲਾਪ, ਵਿਛੋੜੇ, ਬੇਰੁਖ਼ੀ, ਦੇ ਨਾਲ ਨਾਲ ਸਮਾਜਿਕ ਤੰਗੀਆਂ-ਤੁਰਸ਼ੀਆਂ , ਵਿਸੰਗਤੀਆਂ, ਸਮਾਜਿਕ ਤਰੁੱਟੀਆਂ ਅਤੇ ਨਾ-ਇਨਸਾਫ਼ੀਆਂ ਦਾ ਵੀ ਬਿਆਨ ਕਰਕੇ ਆਪਣੇ ਹਿਰਦੇ ਦੀ ਸੁਹਿਰਦਤਾ ਅਤੇ ਵਿਸ਼ਾਲਤਾ ਦਾ ਪ੍ਰੀਚੈ ਦਿੱਤਾ। ਇਸ ਰੂਪ ਵਿੱਚ ਗ਼ਜ਼ਲ ਅੱਜ ਕਾਵਿ-ਸੰਸਾਰ ਦੇ ਤਖ਼ਤ ਤੇ ਸਭ ਤੋਂ ਸੁੰਦਰ ਤੇ ਸਮਰੱਥ ਵਿਧਾ ਦੇ ਤੌਰ ਤੇ ਤਖ਼ਤ-ਨਸ਼ੀਨਹੈ। ਪਰ ਸੁਬਕ-ਖ਼ਿਆਲੀ ਕਿਉਂਕਿ ਗ਼ਜ਼ਲ ਦੀ ਜਾਨ ਹੈ ਇਸ ਲਈ ਇਹ ਸਿੱਧੀ ਸਿਆਸੀ ਨਾਅਰਬਾਜ਼ੀ ਤੋਂ ਅੱਜ ਵੀ ਗੁਰੇਜ਼ ਕਰਦੀ ਹੈ। ਬਹਾਦਰੀ ਦੇ ਸਿੱਧਾ ਦਾਅਵਾ ਇਸ ਨੂੰ ਆਪਣੇ ਮੂੰਹੋਂ ਮੀਆਂ-ਮਿੱਠੂ ਬਣਨ ਵਰਗਾ ਕਰਮ ਲੱਗਦਾ ਹੈ। ਇਹ ਤਾਂ ਵੱਡੀ ਤੋ ਵੱਡੀ ਗੱਲ, ਵੱਡੇ ਤੋਂ ਵੱਡੇ ਰੋਸ, ਵੱਡੇ ਤੋਂ ਵੱਡੇ ਸਤਿਆਗ੍ਰਹ ਨੂੰ ਵੀ ਇੱਕ ਇਸ਼ਾਰੇ ਮਾਤਰ ਨਾਲ ਐਸੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰ ਜਾਂਦੀ ਹੈ ਕਿ ਡਾਂਗਾਂ-ਸੋਟੇ ਅਤੇ ਬੰਬ-ਤੋਪਾਂ ਵੀ ਐਸੇ ਗਹਿਰੇ ਅਤੇ ਸਦੀਵੀ ਜ਼ਖ਼ਮ ਲਾਉਣ ਵਿੱਚ ਕਦੀ ਕਾਮਯਾਬ ਨਹੀਂ ਹੋ ਸਕਦੇ। ਐਸੀ ਮਾਰ ਕਰ ਜਾਣ ਦੇ ਸਮਰੱਥ ਹੋਣ ਦੇ ਬਾਵਜੂਦ ਵੀ ਇਹ ਅਜੇ ਵੀ ਆਪਣੀ ਨਾਜ਼ੁਕ-ਖ਼ਿਆਲੀ ਨੂੰ ਸੀਨੇ ਨਾਲ ਲਾਈ ਬੈਠੀ ਹੈ ਤੇ ਇਹੋ ਹੀ ਇਸ ਦੇ ਜੀਵਨ ਦਾ ਸਰਮਾਇਆ ਹੈ। ਇਹੋ ਹੀ ਇਸ ਦੇ ਹਰਮਨ-ਪਿਆਰੀ ਹੋਣ ਦਾ ਰਾਜ਼ ਹੈ। ਘੱਟ ਬੋਲਣਾ (ਸੰਖੇਪਤਾ) ਅਤੇ ਸੁੰਦਰ ਬੋਲਣਾ ਇਸ ਦਾ ਮੀਰੀ ਗੁਣ ਹੈ। ਇਹ ਸਖ਼ਤ ਖ਼ਿਆਲ ਤਾਂ ਸ਼ਾਇਦ ਬਰਦਾਸ਼ਤ ਕਰ ਲਵੇ ਪਰ ਸਖ਼ਤ ਲਫ਼ਜ਼ ਇਸ ਦੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੇ ਹਨ। ਤਨਜ਼ਗ਼ਜ਼ਲ ਦਾ ਮਨ-ਭਾਉਂਦਾ ਤੇ ਸਭ ਤੋਂ ਕਾਰਗਰ ਹਥਿਆਰ ਹੈ ਪਰ ਹਾਸ-ਰਸ ਦੇ ਨਾਮ ਤੇ ਮੋਟਾ-ਠੁੱਲ੍ਹਾ ਹਾਸਾ-ਠੱਠਾ ਇਸ ਦੇ ਸੁਭਾਅ ਵਿੱਚ ਸ਼ਾਮਿਲ ਨਹੀਂ। ਸਖ਼ਤ ਤੋਂ ਸਖ਼ਤ ਗੱਲ ਨੂੰ ਵੀ ਨਰਮ ਲਫ਼ਜ਼ਾਂ ਅਤੇ ਕੋਮਲ ਸ਼ਬਦਾਂ ਵਿੱਚ ਕਹਿ ਜਾਣਾ ਇਸ ਵਿੱਚ ਉਸਤਾਦੀ ਗੁਣ ਸਮਝਿਆ ਜਾਂਦਾ ਹੈ। ਗ਼ਜ਼ਲ ਬਾਰੇ ਤਾਂ ਇਹੋ ਹੀ ਕਿਹਾ ਜਾ ਸਕਦਾ ਹੈ ਕਿ-

ਅੱਖ ਦੇ ਇਸ਼ਾਰੇ ਨਾਲ ਗੱਲ ਕਰ ਗਈ,

ਕੁੜੀ ਪਟੋਲੇ ਵਰਗੀ।

-----

ਉਪਰੋਕਤ ਲੰਮੀ ਚਰਚਾ ਮੈਂ ਕੇਵਲ ਇਸ ਲਈ ਕੀਤੀ ਹੈ ਤਾਂ ਕਿ ਨਵੇਂ ਕਾਵਿ-ਸਿਖਿਆਰਥੀ ਚੰਗੀ ਤਰ੍ਹਾਂ ਸਮਝ ਜਾਣ ਕਿ ਕਵਿਤਾ, ਗੀਤ, ਵਾਰ ਅਤੇ ਗ਼ਜ਼ਲ ਆਦਿ ਸਿਨਫ਼ਾਂ ਕੀ ਹੁੰਦੀਆਂ ਹਨ? ਇਹਨਾਂ ਵਿੱਚ ਕਿਹੜੀਆਂ ਕਿਹੜੀਆਂ ਸਮਾਨਤਾਵਾਂ ਹੁੰਦੀਆਂ ਹਨ ਤੇ ਕਿਹੜੇ ਕਿਹੜੇ ਵਖਰੇਵੇਂ ਹੁੰਦੇ ਹਨ, ਜਿਨ੍ਹਾਂ ਕਰਕੇ ਇਹਨਾਂ ਨੂੰ ਅਲੱਗ-ਅਲੱਗ ਕਰਕੇ ਪਹਿਚਾਣਿਆ ਜਾ ਸਕਦਾ ਹੈ। ਇਹ ਪਹਿਚਾਣ ਹੋ ਜਾਣ ਤੋਂ ਮਗਰੋਂ ਕੋਈ ਸ਼ਾਇਰ ਗੀਤ, ਕਵਿਤਾ, ਖੁੱਲ੍ਹੀ ਕਵਿਤਾ ਅਤੇ ਵਾਰ ਉੱਤੇ ਗ਼ਜ਼ਲਉਨਵਾਨ ਨਹੀਂ ਲਿਖੇਗਾ। ਘਟੋ ਘੱਟ ਮੈਂ ਤਾਂ ਇਸ ਹੀ ਆਸ ਨਾਲ ਇਹ ਲੇਖ ਖ਼ਤਮ ਕਰਦਾ ਹਾਂ।

*****

ਚਲਦਾ: ਇਸ ਲੇਖ ਸਬੰਧੀ ਜਿਹੜੇ ਵੀ ਸੁਆਲ ਹੋਣ, ਪਾਠਕ/ਲੇਖਕ ਸਾਹਿਬਾਨ ਲਿਖ ਕੇ ਆਰਸੀ ਨੂੰ ਈਮੇਲ ਕਰਨ। ਉਹਨਾਂ ਦਾ ਜੁਆਬ ਸੰਧੂ ਸਾਹਿਬ ਵੱਲੋਂ ਅਗਲੀ ਪੋਸਟ ਵਿਚ ਦਿੱਤਾ ਜਾਏਗਾ। ਸ਼ੁਕਰੀਆ।

1 comment:

  1. ਗਜ਼ਲ ਦੀ ਪਹਿਚਾਣ ਦਸਣਾ ਜੀ ਕਿਰਪਾ ਕਰਕੇ

    ReplyDelete