ਵਿਆਕਰਣ, ਕਾਵਿ-ਵਿਆਕਰਣ, ਪਿੰਗਲ ਅਤੇ ਅਰੂਜ਼
ਲੇਖ
ਪਰਮਾਤਮਾ ਦਾ ਰਚਿਆ ਬ੍ਰਹਿਮੰਡ ਬੜਾ ਵਿਚਿੱਤਰ ਅਤੇ ਖ਼ੂਬਸੂਰਤ ਹੈ। ਇਸ ਵਿੱਚ ਨਿਰੰਤਰ ਗਤੀਸ਼ੀਲ ਸੂਰਜ, ਚੰਦ ਅਤੇ ਤਾਰੇ ਸਾਨੂੰ ਉਨਮਾਦ-ਭਰਪੂਰ ਆਨੰਦ ਬਖ਼ਸ਼ਦੇ ਹਨ। ਫਿਰ ਇੱਕ ਤਾਰਾ, ਇਹ ਸਾਡੀ ਧਰਤੀ ਵੀ ਕਿਆ ਕਮਾਲ ਹੈ! ਇਸ ਧਰਤੀ ਦੇ ਬਰਫਾਂ-ਲੱਦੇ, ਆਸਮਾਨ ਛੂੰਹਦੇ ਪਰਬਤ, ਹਜ਼ਾਰਾਂ ਕੋਹਾਂ ਤੱਕ ਲਹਿਰਾਉਂਦੇ ਸਾਗਰ, ਬੇਪਰਵਾਹ ਸ਼ੂਕਦੀਆਂ ਨਦੀਆਂ, ਅਥਾਹ ਜਲ ਦਾ ਭੁਲੇਖਾ ਪਾਉਂਦੇ ਵਿਸ਼ਾਲ ਮਾਰੂਥਲ ਆਪਣੇ ਰਚਨਹਾਰੇ ਦੇ ਸਰਬ-ਸ਼ਕਤੀਮਾਨ ਅਤੇ ਮਹਾਨ ਕਲਾਕਾਰ ਹੋਣ ਦਾ ਪ੍ਰਗਟਾਵਾ ਕਰਦੇ ਨਜ਼ਰ ਆਉਂਦੇ ਹਨ। ਇਸ ਧਰਤੀ ਦੀ ਹਿੱਕ ’ਤੇ ਲਹਿਲਹਾਉਂਦੀਆਂ ਫ਼ਸਲਾਂ, ਮੁਸਕਰਾਉਂਦੇ ਅਤੇ ਮਹਿਕਾਂ ਲੁਟਾਉਂਦੇ ਫੁੱਲ, ਹਰਿਆਲੀ-ਭਰੇ ਅਨੰਤ ਪ੍ਰਤੀਤ ਹੁੰਦੇ ਜੰਗਲ, ਵਾਹ! ਵਾਹ!! ਪਰਮਾਤਮਾ ਨੇ ਕਿਆ ਕਿਆ ਨਿਆਮਤਾਂ ਆਪਣੇ ਪੁੱਤਰਾਂ (ਆਦਮ-ਜ਼ਾਤ) ਵਾਸਤੇ ਰਚ-ਭੇਜੀਆਂ ਨੇ।
-----
ਜੰਗਲ, ਜਿਸ ਵਿੱਚ ਰੁੱਖ-ਬੂਟਿਆਂ ਦੀ ਕੋਈ ਵਿਸ਼ੇਸ਼ ਤਰਤੀਬ ਨਹੀਂ ਦਿੱਸਦੀ ਪਰ ਫਿਰ ਵੀ ਉਹ ਗੁਣਕਾਰੀ ਹੋਣ ਦੇ ਨਾਲ ਨਾਲ ਸਭ ਦੇ ਮਨ ਨੂੰ ਮੋਂਹਦੇ ਹਨ। ਕਦੀ ਇਨਸਾਨ ਨੇ ਸੋਚਿਆ ਹੋਵੇਗਾ ਕਿ ਜੰਗਲ ਦੇ ਰੁੱਖਾਂ-ਬੂਟਿਆਂ ਨੂੰ ਕੋਈ ਤਰਤੀਬ ਦੇ ਕੇ ਉਗਾਇਆ ਜਾਵੇ ਤਾਂ ਕਿ ਇਹ ਹੋਰ ਵੱਧ ਸੋਹਣੇ ਲੱਗਣ। ਉਸ ਦੀ ਇਸ ਸੁਚਾਰੂ ਸੋਚ ਦਾ ਨਤੀਜਾ ਖੇਤਾਂ, ਬਾਗ਼ਾਂ ਅਤੇ ਫੁੱਲ-ਵਾੜੀਆਂ ਦੇ ਰੂਪ ਵਿੱਚ ਨਿਕਲਿਆ। ਹਰ ਸ਼ੈਅ ਨੂੰ ਖ਼ੂਬ ਤੋਂ ਖ਼ੂਬਤਰ ਬਣਾਉਣ ਦੀ ਕੋਸ਼ਿਸ਼ ਇਨਸਾਨੀ ਫ਼ਿਤਰਤ ਰਹੀ ਹੈ। ਉਸ ਦੀ ਇਸ ਚਾਹ ਨੇ ਇਸ ਸੰਸਾਰ ਨੂੰ ਬੇਹੱਦ ਅਦਭੁਤ ਅਤੇ ਸੁੰਦਰ ਬਣਾ ਦਿੱਤਾ ਹੈ।
-----
ਇਸੇ ਤਰ੍ਹਾਂ ਭਾਸ਼ਾ ਦੀ ਉਤਪਤੀ ਵੇਲੇ ਭਾਸ਼ਾ ਦਾ ਕਾਰਜ-ਖੇਤਰ ਨਿਸ਼ਚਿਤ ਰੂਪ ਵਿੱਚ ਕੇਵਲ ਇੱਕ ਇਨਸਾਨ ਦੀ ਗੱਲ (ਸੋਚ, ਜਜ਼ਬੇ ਅਤੇ ਤਜਰਬੇ) ਦੂਜੇ ਇਨਸਾਨ ਤੱਕ ਪਹੁੰਚਾਉਣਾ ਹੀ ਰਿਹਾ ਹੋਵੇਗਾ। ਫਿਰ ਇਨਸਾਨ ਨੇ ਕੋਸ਼ਿਸ਼ ਕੀਤੀ ਹੋਵੇਗੀ ਕਿ ਉਹ ਆਪਣੇ ਭਾਵ ਜ਼ਰਾ ਸੋਹਣੇ ਢੰਗ ਨਾਲ ਵਿਅਕਤ ਕਰੇ। ਭਾਸ਼ਾ ਨੂੰ ਇੱਕ ਤਰਤੀਬ ਅਤੇ ਖ਼ੂਬਸੂਰਤੀ ਦੇਣ ਦੇ ਜੋ ਢੰਗ-ਤਰੀਕੇ ਇਨਸਾਨ ਨੇ ਨਿਸ਼ਚਿਤ ਕੀਤੇ, ਉਹੀ ਭਾਸ਼ਾ ਦੀ ਵਿਆਕਰਣ ਹੋ ਨਿੱਬੜੇ ਹੋਣਗੇ। ਪਰ ਨਿਚੱਲਾ ਇਨਸਾਨ ਇੱਥੇ ਵੀ ਕਦ ਟਿਕਿਆ ਹੋਵੇਗਾ। ਉਹ ਤਾਂ ਅਜੇ ਵੀ ‘ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈਂ’ ਦਾ ਵਿਸ਼ਵਾਸੀ ਬਣਿਆ, ਭਾਸ਼ਾ ਨੂੰ ਹੋਰ ਖ਼ੂਬਸੂਰਤੀ ਦੇਣ ਦੀ ਧੁਨ ਵਿੱਚ ਗਲਤਾਨ ਰਹਿੰਦਾ ਹੋਵੇਗਾ। ਸ਼ਾਇਦ ਉਸ ਦੀ ਇਸੇ ਕੋਸ਼ਿਸ਼ ਨੇ ਹੀ ਭਾਸ਼ਾ ਦੇ ‘ਕਾਵਿ-ਰੂਪ’ ਨੂੰ ਜਨਮ ਦੇ ਦਿੱਤਾ ਹੋਵੇ। ‘ਕਾਵਿ’, ਜਿਸ ਵਿੱਚ ਨਾ ਸਿਰਫ਼ ਖ਼ੂਬਸੂਰਤ ਵਿਚਾਰ ਅਤੇ ਦਿਲ ਨੂੰ ਛੂਹ ਜਾਣ ਵਾਲੇ ਲਫ਼ਜ਼ ਹੀ ਹੋਣ, ਸਗੋਂ ਉਹ ਹੋਣ ਵੀ ਇੱਕ ਵਿਸ਼ੇਸ਼ ਤਰਤੀਬ ਵਿੱਚ, ਜਿਸ ਨੂੰ ਸੁਣ ਕੇ ਕੰਨਾਂ ਵਿੱਚ ਰਸ ਘੁਲ ਜਾਵੇ ਤੇ ਮਨ ਇੱਕ ਰਿਦਮ, ਇੱਕ ਲੈਅ ਵਿੱਚ ਝੂਮ ਉੱਠੇ। ਫਿਰ ਇਸ ਕਲਾ ਵਿੱਚ ਨਿਪੁੰਨ ਕਲਾਕਾਰਾਂ ਨੇ ਇਸ ਦੇ ਕੁਝ ਢੰਗ-ਤਰੀਕੇ ਨਿਸ਼ਚਿਤ ਕਰ ਦਿੱਤੇ ਹੋਣਗੇ, ਜੋ ‘ਪਿੰਗਲ’ ਅਤੇ ‘ਅਰੂਜ਼’ ਦਾ ਆਧਾਰ ਬਣ ਗਏ। ਹਾਂ- ‘ਪਿੰਗਲ’ ਅਤੇ ‘ਅਰੂਜ਼’ ਆਪਣੀ ਗੱਲ ਨੂੰ ਇੱਕ ਲੈਅ ਅਤੇ ਬੱਝਵੇਂ ਰੂਪ ਵਿੱਚ ਕਹਿਣ ਦੀ ਕਲਾ ਦੀ ਵਿਆਕਰਣ ਹੀ ਤਾਂ ਹੈ।
-----
ਭਾਵੇਂ ‘ਕਾਵਿ-ਕਲਾ’ ਦੇ ਵਿਕਾਸ ਤੋਂ ਪਹਿਲਾਂ ਵੀ ਲੋਕ ਆਪਣੀ ਸੋਚ ਨੂੰ ਵਾਰਤਕ ਰਾਹੀਂ ਇੱਕ ਦੂਜੇ ਨਾਲ ਸਾਂਝੀ ਕਰਦੇ ਹੀ ਸਨ ਪਰ ਇਸ ਗੱਲ-ਬਾਤ ਨੂੰ ‘ਸਾਹਿਤ’ ਦਾ ਨਾਮ ਨਹੀਂ ਸੀ ਦਿੱਤਾ ਗਿਆ। ਇਹ ਸਰਵ-ਪਰਵਾਨਤ ਸਚਾਈ ਹੈ ਕਿ ਸਭ ਤੋਂ ਪਹਿਲਾਂ ਲੈਅ-ਯੁਕਤ ਗੱਲ (ਕਾਵਿ) ਨੂੰ ਹੀ ‘ਸਾਹਿਤ’ ਹੋਣ ਦਾ ਮਾਣ ਪ੍ਰਾਪਤ ਹੋਇਆ ਤੇ ਪਹਿਲਾ ਲਿਖਤੀ ਸਾਹਿਤ ‘ਕਵਿਤਾ’ ਵਿੱਚ ਹੀ ਰਚਿਆ ਗਿਆ। ਧਾਰਮਿਕ ਹੀ ਨਹੀਂ ਸਗੋਂ ਹਿਕ਼ਮਤ (ਸਿਹਤ ਸਬੰਧੀ), ਵਿਗਿਆਨਕ ਅਤੇ ਆਰਥਕ ਸਮੱਸਿਆਵਾਂ ਨਾਲ ਸਬੰਧਤ ਸਾਹਿਤ ਵੀ ਪਹਿਲਾਂ ਪਹਿਲਾਂ ਕਵਿਤਾ ਵਿੱਚ ਹੀ ਲਿਖਿਆ ਮਿਲਦਾ ਹੈ, ਜਿਵੇਂ ਕੇਵਲ ਕਵਿਤਾ ਹੀ ਸਾਹਿਤ ਹੋਵੇ।
-----
ਆਦਿ-ਕਾਲ ਤੋਂ ਹੁਣ ਤੱਕ ਵੀ ਸੰਸਾਰ ਵਿੱਚ ਵਿਦਵਾਨ ਤੇ ਬੌਧਕ ਇਨਸਾਨਾਂ ਦਾ ਕਦੀ ਘਾਟਾ ਨਹੀਂ ਰਿਹਾ। ਬਹੁਤ ਵਾਰ ਇੱਕ ਆਮ ਆਦਮੀ ਦੇ ਵਿਚਾਰ ਐਨੇ ਉੱਤਮ ਹੁੰਦੇ ਹਨ ਕਿ ਬਹੁਤੇ ਸ਼ਾਇਰਾਂ ਕੋਲ ਵੀ ਐਨੇ ਉੱਤਮ ਵਿਚਾਰ ਨਹੀਂ ਹੁੰਦੇ। ਪਰ ਜਿਵੇਂ ਕਿ ਵੇਖਣ ਵਿੱਚ ਆਇਆ ਹੈ ਕਿ ਸਮਾਜ ਵਿੱਚ ਆਮ ਆਦਮੀ ਨਾਲੋਂ ਇੱਕ ਸ਼ਾਇਰ ਦਾ ਸਨਮਾਨ ਸਦਾ ਵਧੀਕ ਹੁੰਦਾ ਰਿਹਾ ਹੈ। ਉਂਜ ਤਾਂ ਸ਼ਾਇਰ ਨੂੰ ‘ਪਰਮਾਤਮਾ’ ਦਾ ਦਰਜ਼ਾ ਵੀ ਦਿੱਤਾ ਜਾਂਦਾ ਹੈ ਪਰ ਘਟੋ-ਘੱਟ ਉਸ ਨੂੰ ਇੱਕ ਵਲਿੱਖਣ ਪ੍ਰਤਿਭਾ ਵਾਲੀ ਸ਼ਖ਼ਸੀਅਤ ਤਾਂ ਸਮਝਿਆ ਹੀ ਜਾਂਦਾ ਹੈ। ਆਖ਼ਿਰ ਕਿਉਂ? ਕਿਉਂਕਿ ਉਸ ਨੂੰ ਲਫ਼ਜ਼ਾਂ ਨੂੰ ਇੱਕ ਵਿਸ਼ੇਸ਼ ਤਰ੍ਹਾਂ ਨਾਲ ਲੈਅ-ਬੱਧ ਤਰਤੀਬ ਦੇਣੀ ਆਉਂਦੀ ਹੈ। ਉਸ ਦਾ ਕੇਵਲ ਇਹੋ ਗੁਣ ਹੀ ਉਸ ਨੂੰ ਸਨਮਾਨ-ਯੋਗ ਹਸਤੀ ਬਣਾ ਦਿੰਦਾ ਹੈ। ਜਿਹੜੇ ਸਮਾਜਕ-ਮੁਖੀਆਂ, ਯੋਧਿਆਂ ਅਤੇ ਨੇਤਾਵਾਂ ਦੇ ਦਰਸ਼ਨਾਂ ਨੂੰ ਲੋਕ ਤਰਸ ਜਾਂਦੇ ਹਨ, ਇੱਕ ਮਲੰਗ ਜਿਹੇ ਸ਼ਾਇਰ ਦੇ ਸਨਮੁਖ ਉਹਨਾਂ ਨੂੰ ਝੁਕਦਿਆਂ ਅਤੇ ਉਸ ਦਾ ਸਨਮਾਨ ਕਰਦਿਆਂ ਆਮ ਦੇਖਿਆ ਜਾ ਸਕਦਾ ਹੈ। ਤੇ ਸ਼ਾਇਰ ਦੋਸਤੋ, ਜੇ ਸਾਡੀ ਕਲਾ ਸਾਨੂੰ ਐਨਾ ਮਾਣ-ਸਨਮਾਨ ਦਿਵਾਉਂਦੀ ਹੈ ਤਾਂ ਅਸੀਂ ਇਸ ਕਲਾ ਨੂੰ ਸਹੀ ਤਰੀਕੇ ਨਾਲ ਸਿੱਖ ਕੇ ਇਸ ਵਿੱਚ ਨਿਪੰਨ ਹੋਣ ਦੀ ਹਰ ਸੰਭਵ ਕੋਸ਼ਿਸ਼ ਕਿਉਂ ਨਾ ਕਰੀਏ!
ਉਂਜ ਤਾਂ ਅੱਜ-ਕੱਲ੍ਹ ਜਿਵੇਂ ਕਿ ਆਮ ਦਿਸਦਾ ਹੈ ਉਹ ਕੁਝ ਇਸ ਤਰ੍ਹਾਂ ਦਾ ਹੀ ਹੈ ਕਿ-
ਅਜ-ਕੱਲ੍ਹ ਦੇ ਸ਼ਾਇਰਾਂ ਵਿਚ, ਕੈਸੀ ਇਹ ਜ਼ਿਦ ਹੈ ‘ਸੰਧੂ’,
ਲਿਖਣੀ ਗ਼ਜ਼ਲ ਹੈ, ਲੇਕਿਨ ਸਿੱਖਣੀ ਗ਼ਜ਼ਲ ਨਹੀਂ ਹੈ।
...........
ਐਸੀ ਪਹੁੰਚ ਵਾਲੇ ਲੋਕਾਂ ਨੂੰ ਤਾਂ ਇਹੋ ਹੀ ਕਹਿਣਾ ਬਣਦਾ ਹੈ ਕਿ-
ਤੈਨੂੰ ਜਿਸ ਕਸਬ ’ਚੋ ਹਾਸਿਲ ਹੋਈ ਇੱਜ਼ਤ ‘ਸੰਧੂ’,
ਓਸ ਤੋਂ ਚਿੱਤ ਚੁਰਾਉਂਦੇ ਨੂੰ ਹਯਾ ਨਹੀਂ ਆਉਂਦੀ?
-----
ਐਸੀ ਨਿਮੋਸ਼ੀ ਭਰੀ ਸਥਿਤੀ ਤੋਂ ਜੇ ਬਚਣਾ ਹੈ ਤਾਂ ਇੱਕ ਸ਼ਾਇਰ ਕੋਲ ਇੱਕ ਹੀ ਰਸਤਾ ਬਚਦਾ ਹੈ ਕਿ ‘ਆਉ ਗ਼ਜ਼ਲ ਸਿੱਖੀਏ ਤੇ ਫਿਰ ਗ਼ਜ਼ਲ ਲਿਖੀਏ।’
ਹਾਂ- ਤੇ ਜੇ ਅਸੀਂ ਕਵਿਤਾ (ਨਜ਼ਮ, ਗ਼ਜ਼ਲ, ਗੀਤ) ਲਿਖਣੀ ਹੈ ਤਾਂ ਆਉ ਇਸ ਨੂੰ ਸਹੀ ਤੌਰ ’ਤੇ ਸਮਝਣ ਅਤੇ ਸਿੱਖਣ ਦੀ ਕੋਸ਼ਿਸ਼ ਕਰ ਲਈਏ ਤਾਂ ਕਿ ਸਮਾਜ ਵੱਲੋਂ ਮਿਲਦੇ ਮਾਣ ਦਾ ਸਹੀ ਮੁੱਲ ਤਾਰਨ ਦੇ ਕਾਬਿਲ ਹੋ ਸਕੀਏ।
-----
ਇਸ ਆਸ਼ੇ ਤਹਿਤ ਮੈਂ ਕੋਸ਼ਿਸ਼ ਕਰਾਂਗਾ ਕਿ ਸਿਖਿਆਰਥੀਆਂ ਨੂੰ ਅਤਿ ਜ਼ਰੂਰੀ ਜਾਣਕਾਰੀ ਦੇ ਕੇ ਅਭਿਆਸ ਕਰਵਾਇਆ ਜਾਵੇ। ਇਸ ਵਾਸਤੇ ‘ਗ਼ਜ਼ਲ-ਪੰਡਿਤ’ ਇਹ ਇਤਰਾਜ਼ ਕਰਨ ਦੀ ਖੇਚਲ ਨਾ ਕਰਨ ਕਿ ‘‘ਜੀ, ਪਹਿਲਾਂ ਐਹ ਗੱਲ ਦੱਸਣੀ ਚਾਹੀਦੀ ਸੀ ਤੇ ਅਹਿ ਗੱਲ ਤਾਂ ਸੰਧੂ ਨੇ ਦੱਸੀ ਹੀ ਨਹੀਂ।’’ ਇੱਕ ਅਧਿਆਪਕ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇੱਕ ਅਨਜਾਣ ਸਿਖਿਆਰਥੀ ਨੂੰ ਕੀ ਕੁਝ ਦੱਸਣਾ ਚਾਹੀਦਾ ਹੈ ਤੇ ਕਦੋਂ ਦੱਸਣਾ ਚਾਹੀਦਾ ਹੈ। ਨਾ ਹੀ ਮੈਂ ਵਾਧੂ ਦੀਆਂ ‘ਹੜਿੱਚਾਂ’ ਘੜਨ ਵਾਲੇ ਅਖਾਉਤੀ ਵਿਦਵਾਨਾਂ ਅੱਗੇ ਜਵਾਬ-ਦੇਹ ਹੋਵਾਂਗਾ ਤੇ ਨਾ ਹੀ ਲੱਤਾਂ ਖਿੱਚਣ ਵਾਲਿਆਂ ਦੀ ਪਰਵਾਹ ਕਰਾਂਗਾ। ਹਾਂ- ਸਿਖਿਆਰਥੀ ਇੱਕ ਨੁਕਤੇ ਬਾਰੇ ਹਜ਼ਾਰ ਵਾਰ ਵੀ ਸਵਾਲ ਪੁੱਛਣ ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਉਹਨਾਂ ਦੀ ਜਗਿਆਸਾ ਨੂੰ ਤ੍ਰਿਪਤ ਕਰਨ ਦੀ ਕੋਸ਼ਿਸ਼ ਕਰਾਂਗਾ।
-----
ਅਸੀਂ ਇਸ ਸ਼ੁੱਭ ਕਾਰਜ ਦੀ ਸ਼ੁਰੂਆਤ ਉਸ ਹੇਠਲੀ ਪੱਧਰ ਤੋਂ ਕਰਾਂਗੇ ਜਿੱਥੋਂ ‘ਪਰਮਾਤਮਾ ਵੱਲੋਂ ਕਾਵਿ-ਗੁਣਾਂ ਨਾਲ ਵਰੋਸਾਇਆ ਹੋਇਆ ਪਰ ਕਾਵਿ-ਵਿਆਕਰਣ ਤੋਂ ਬਿਲਕੁਲ ਅਨਜਾਣ ਸਿਖਿਆਰਥੀ ਵੀ ਇਸ ਨੂੰ ਸਮਝਣਾ ਸ਼ੁਰੂ ਕਰ ਸਕੇ। ‘ਆਉ ਗ਼ਜ਼ਲ ਲਿਖੀਏ’ ਦੇ ਪਾਠਾਂ ਅਧੀਨ ਗੱਲ ਕਰਦਿਆਂ ਜਿੱਥੇ ਲੋੜ ਹੋਵੇਗੀ ਮੈਂ ਸੰਬੋਧਤ ਵੀ ਸਿਖਿਆਰਥੀਆਂ ਨੂੰ ਹੀ ਹੋਵਾਂਗਾ, ਉਂਜ ਮੇਰੀ ਇਸ ਨਿਗੂਣੀ ਕੋਸ਼ਿਸ਼ ਤੋਂ ਲਾਭ ਭਾਵੇਂ ਪ੍ਰੌੜ ਅਤੇ ਸਥਾਪਿਤ ਸ਼ਾਇਰ ਵੀ ਉਠਾ ਲੈਣ। ਸਗੋਂ ਇਹ ਮੇਰੀ ਖ਼ੁਸ਼-ਕਿਸਮਤੀ ਹੋਵੇਗੀ।
ਕੀ ਹੁੰਦੇ ਨੇ
ਕਵਿਤਾ, ਗੀਤ, ਵਾਰ ਅਤੇ ਗ਼ਜ਼ਲ
ਜਿਹੜੇ ਗੀਤ, ਗ਼ਜ਼ਲ, ਕਵਿਤਾ ਦਾ ਅੰਤਰ ਸਮਝ ਸਕੇ ਨਾ,
ਅਜ-ਕੱਲ੍ਹ ਉਹ ਪੱਤਰਕਾਵਾਂ ਦਾ ਕਰਦੇ ਨੇ ਸੰਪਾਦਨ।
-ਅਮਰਜੀਤ ਸਿੰਘ ਸੰਧੂ
ਉਪਰੋਕਤ ਸ਼ਿਅਰ ਅਜੋਕੇ ਸਾਹਿਤ ਦੀ ਬੜੀ ਵੱਡੀ ਤ੍ਰਾਸਦੀ ਵੱਲ ਇਸ਼ਾਰਾ ਕਰਦਾ ਹੈ। ਇੱਕ ਸਮਾਂ ਸੀ ਜਦ ਸਾਹਿਤਕ ਪਰਚਿਆਂ ਦੇ ਅਤੇ ਕਿਸੇ ਹੱਦ ਤੱਕ ਅਖ਼ਬਾਰਾਂ ਦੇ ਸੰਪਾਦਕ ਵੀ ਅੱਛੇ ਸ਼ਾਇਰ ਹੋਇਆ ਕਰਦੇ ਸਨ। ਕਿਸੇ ਸੂਰਤ ਵਿੱਚ ਜੇ ਸੰਪਾਦਕ ਆਪ ਸਾਹਿਤ ਦੀ ਕਿਸੇ ਵਿਧਾ ਵਿੱਚ ਚੰਗੀ ਮੁਹਾਰਤ ਨਹੀਂ ਰੱਖਦੇ ਸਨ ਤਾਂ ਉਹ ਆਪਣੀ ਪੱਤ੍ਰਿਕਾ ਵਿੱਚ ਉਸ ਵਿਧਾ ਦੇ ਪਰਪੱਕ ਲੇਖਕਾਂ ਨੂੰ ਮੁਲਾਜ਼ਮ ਰੱਖ ਲੈਂਦੇ ਸਨ ਤਾਂ ਕਿ ਪ¤ਤ੍ਰਿਕਾ ਵਿੱਚ ਸਾਹਿਤ ਛਾਪਦੇ ਸਮੇਂ ਉਸ ਦੀ ਕਿਸੇ ਵਿਧਾ ਨਾਲ ਬੇਇਨਸਾਫ਼ੀ ਨਾ ਹੋ ਜਾਵੇ। ਇਸੇ ਕਾਰਨ ਉਦੋਂ ਅਖ਼ਬਾਰਾਂ ਦੇ ਸਟਾਫ ਵਿੱਚ ਬੜੇ ਪੁਖ਼ਤਾ-ਕਲਾਮ ਸ਼ਾਇਰ ਆਮ ਮਿਲ ਜਾਂਦੇ ਸਨ। ਜਲੰਧਰ ਪੰਜਾਬ ਦੀ ਅਖ਼ਬਾਰੀ ਸੱਨਅਤ ਦੀ ਰਾਜਧਾਨੀ ਰਿਹਾ ਹੈ ਤੇ ਕਿਸੇ ਵੇਲੇ ਇੱਥੋਂ ਦੀਆਂ ਅਖ਼ਬਾਰਾਂ ਵਿੱਚ ਜਨਾਬ ਹੁਮਾ ਹਰਨਾਲਵੀ, ਜਨਾਬ ਮੇਲਾ ਰਾਮ ਵਫ਼ਾ ਅਤੇ ਜਨਾਬ ਸਾਹਿਰ ਸਿਆਲਕੋਟੀ ਵਰਗੇ ਉ¤ਚਕੋਟੀ ਦੇ ਸ਼ਾਇਰ ਮਿਲਿਆ ਕਰਦੇ ਸਨ। ਅੱਜ ਗੱਲ ਉਲਟ ਹੋ ਗਈ ਹੈ। ਅਖ਼ਬਾਰਾਂ ਅਤੇ ਪਰਚਿਆਂ ਦੇ ਗ਼ੈਰ-ਸਾਹਿਤਕ ਮਾਲਿਕ ਅਤੇ ਸੰਪਾਦਕ ਆਪਣੇ ਸਟਾਫ ਦੀ ਚੋਣ ਕਰਨ ਸਮੇਂ ਕੇਵਲ ਡਿਗਰੀਆਂ ਵੇਖਦੇ ਹਨ ਜਾਂ ਉਹਨਾਂ ਰਾਹੀਂ ਪੱਤ੍ਰਿਕਾ ਨੂੰ ਹੋਣ ਵਾਲਾ ਆਰਥਕ ਜਾਂ ਸਿਆਸੀ ਮੁਨਾਫ਼ਾ ਵੇਖਦੇ ਹਨ। ਕਿਸੇ ਅੱਛੇ ਕਲਾਕਰ ਨੂੰ ਤਾਂ ਉਹ ਨੌਕਰੀ ਦੇ ਕੇ ਖ਼ੁਸ਼ ਹੀ ਨਹੀਂ ਹਨ। ਕਿਉਂਕਿ ਜਿੰਨਾ ਵੱਡਾ ਕੋਈ ਕਲਾਕਾਰ ਹੋਵੇਗਾ, ਓਨਾਂ ਹੀ ਵੱਡਾ ਉਸਦਾ ਸਵੈਮਾਨ ਵੀ ਹੋਵੇਗਾ। ਇਹ ਲੋਕ ਅੱਜ ਕੱਲ੍ਹ ‘ਸਵੈਮਾਨ’ ਨੂੰ ‘ਈਗੋ’ ਆਖਣ ਲੱਗ ਪਏ ਨੇ। ਗੁਣ ਨੂੰ ਵੀ ਔਗੁਣ ਬਣਾ ਦੇਣਾ ਤਾਂ ਕੋਈ ਇਹਨਾਂ ਤੋਂ ਸਿੱਖੇ-
ਮੇਰੇ ਗੁਣ ਦਾ ‘ਅਵਗੁਣ’ ਕਹਿ ਕੇ ਚਰਚਾ ਕਰਦੇ ਨੇ।
ਚੱਲੋ ਚਰਚਾ ਤਾਂ ਕਰਦੇ ਨੇ, ਚੰਗਾ ਕਰਦੇ ਨੇ। -ਅ. ਸੰਧੂ
-----
ਖ਼ੈਰ ਗੱਲ ਤਾਂ ਮੈਂ ਕਰਨ ਲੱਗਿਆ ਸੀ ਕਿ ਅੱਜ ਕੱਲ੍ਹ ਕਈ ਸ਼ਾਇਰਾਂ ਨੂੰ ਵੀ ਇਹ ਪਤਾ ਨਹੀਂ ਕਿ ਗੀਤ, ਗ਼ਜ਼ਲ, ਕਵਿਤਾ ਵਿੱਚ ਫ਼ਰਕ ਕੀ ਹੈ? ਬਸ ਉਹ ਜੋ ਮਰਜ਼ੀ ਲਿਖ ਦਿੰਦੇ ਨੇ ਤੇ ਉਸ ਲਿਖਤ ਉੱਤੇ ਜੋ ਮਰਜ਼ੀ ਉਨਵਾਨ (ਹੈਡਿੰਗ) ਲਿਖ ਛੱਡਦੇ ਨੇ। ਫਿਰ ਅਨਜਾਣ ਸੰਪਾਦਕ ਵੀ ਉਸੇ ਤਰ੍ਹਾਂ ਮੱਖੀ ’ਤੇ ਮੱਖੀ ਮਾਰਦੇ ਹੋਏ ਉਸ ਲਿਖਤ ਨੂੰ ਛਾਪ ਦਿੰਦੇ ਨੇ। ਜੇ ਫਿਰ ਮੇਰੇ ਵਰਗਾ ਕੋਈ ਟੋਕ ਦੇਵੇ ਤਾਂ ਕਹਿੰਦੇ ਨੇ ‘‘ਮੇਰੀ ਇਹ ਲਿਖਤ ਫਲਾਣੀ ਫਲਾਣੀ ਅਖ਼ਬਾਰ ਵਿੱਚ ਛਪੀ ਹੈ। ਤੂੰ ਕਦੀ ਉਸ ਅਖ਼ਬਾਰ ਵਿੱਚ ਛਪਿਐਂ?’’ ਮੇਰੇ ਵਰਗੇ ਕੋਲ ਕੀ ਜਵਾਬ ਹੋਣੈ, ਮੈਨੂੰ ਉਹ ਅਖ਼ਬਾਰ ਛਾਪਦੇ ਵੀ ਕਦੋਂ ਨੇ! ਤੇ ਨਾਲ ਮੈਂ ਉਹਨਾਂ ਬੇ-ਹੁਨਰਿਆਂ ਵਿੱਚ ਛਪਾਂ ਵੀ ਕਿਉਂ?
-----
ਖ਼ੈਰ, ਇਹ ਗੱਲ ਤਾਂ ਕਈ ਸੁਹਿਰਦ ਸਾਹਿਤ-ਸਿਖਿਆਰਥੀ ਵੀ ਪੁੱਛ ਲੈਂਦੇ ਨੇ ਕਿ ਗੀਤ, ਗ਼ਜ਼ਲ ਤੇ ਕਵਿਤਾ ਵਿੱਚ ਫ਼ਰਕ ਕੀ ਹੈ? ਜੇ ਸੁਹਿਰਦਤਾ ਨਾਲ ਪੁੱਛਿਆ ਗਿਆ ਹੋਵੇ ਤਾਂ ਇਹ ਬੜਾ ਅਹਿਮ ਸਵਾਲ ਹੈ ਤੇ ਇਸ ਦਾ ਬੜਾ ਸਾਦਾ ਤੇ ਸਪਸ਼ਟ ਉੱਤਰ ਮਿਲਣਾ ਹੀ ਚਾਹੀਦਾ ਹੈ। ਇਸ ਲਈ ਇਸ ਲੇਖ ਵਿੱਚ ਮੈਂ ਇਹੋ ਹੀ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਗੀਤ, ਗ਼ਜ਼ਲ, ਕਵਿਤਾ ਅਤੇ ਵਾਰ ਕੀ ਹੁੰਦੇ ਹਨ?
-----
ਹਾਂ- ਇੱਕ ਸਪਸ਼ਟ ਅਤੇ ਨਿਸ਼ਚਿਤ ਲੈਅ ਵਿੱਚ ਲਿਖੀ ਲਿਖਤ ਨੂੰ ਆਪਾਂ ਨਜ਼ਮ ਜਾਂ ਕਵਿਤਾ ਕਹਿੰਦੇ ਹਾਂ। (ਚੰਡੀਗੜ੍ਹ ‘ਸੂਲ-ਸੁਰਾਹੀ’ ਦੋ-ਮਾਸਿਕ ਪਰਚੇ ਵੱਲੋ ਕਰਵਾਏ ਗਏ ਇੱਕ ਗ਼ਜ਼ਲ-ਦਰਬਾਰ ਵਿੱਚ ਇੱਕ ਬੜੀ ਪ੍ਰਤਿਸ਼ਠਤ ਬੀਬੀ ਸਰੋਤਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ‘ਛੰਦ-ਬੱਧ ਕਵਿਤਾ’ ‘ਕਵਿਤਾ’ ਹੁੰਦੀ ਹੈ ਤੇ ਜੋ ਕਵਿਤਾ ਛੰਦ-ਬੱਧ ਨਹੀਂ ਉਸ ਨੂੰ ‘ਨਜ਼ਮ’ ਕਿਹਾ ਜਾਂਦਾ ਹੈ। ਸਦਕੇ ਜਾਈਏ ਉਸ ਦੀ ਵਿਧਵਤਾ ਦੇ।) ਅਸਲ ਵਿੱਚ ਜਿਸ ਲੈਅ-ਯੁਕਤ ਲਿਖਤ ਨੂੰ ਹਿੰਦੀ ਭਾਸ਼ਾ ਵਿੱਚ ‘ਕਵਿਤਾ’ ਕਿਹਾ ਜਾਂਦਾ ਹੈ, ਉਸੇ ਨੂੰ ਹੀ ਉਰਦੂ ਭਾਸ਼ਾ ਵਾਲੇ ‘ਨਜ਼ਮ’ ਕਹਿੰਦੇ ਹਨ। ਫਰਕ ਕੇਵਲ ਭਾਸ਼ਾ ਦਾ ਹੈ, ਗੁਣਵੱਤਾ ਦਾ ਨਹੀਂ। ਜਿਵੇਂ ਹਿੰਦੀ ਵਾਲੀ ‘ਗੇਹੂੰ’ ਹੀ ਉਰਦੂ ਵਿੱਚ ‘ਗੰਦਮ’ ਹੋ ਜਾਂਦੀ ਹੈ ਤੇ ਇਹ ਦੋਵੇਂ ਨਾਮ ‘ਕਣਕ’ ਦੇ ਹੀ ਹਨ। ਪੰਜਾਬੀ ਵਿੱਚ ‘ਕਵਿਤਾ’ ਅਤੇ ‘ਨਜ਼ਮ’ ਦੋਵੇਂ ਨਾਮ ਇੱਕੋ ਜਿੰਨੇ ਹੀ ਪ੍ਰਚਚਿੱਲਤ ਹਨ। ਹਾਂ, ਲੈਅ-ਵਿਹੂਣੀ ਰਚਨਾ ਨੂੰ ਨਾ ਆਪਾਂ ‘ਕਵਿਤਾ’ ਕਹਿ ਸਕਦੇ ਹਾਂ ਤੇ ਨਾ ਹੀ ‘ਨਜ਼ਮ’। ਇਸ ਤਰ੍ਹਾਂ ਦੀ ਰਚਨਾ ਦੇ ਰਚਨਹਾਰਿਆਂ ਨੂੰ ਚਾਹੀਦਾ ਹੈ ਕਿ ਇਸ ਵਿਧਾ ਨੂੰ ਕੋਈ ਹੋਰ ਨਾਮ ਦੇ ਲੈਣ। ਕਿਉਂਕਿ ਉਹ ਇਸ ਨੂੰ ‘ਵਾਰਤਕ’ ਕਹਿਣੋ ਸੰਗਦੇ ਹਨ।
-----
ਅੱਗੇ ਕਵਿਤਾ (ਨਜ਼ਮ) ਦੇ ਵਿਆਪਕ ਦਰਖ਼ਤ ਦੀਆਂ ਕਈ ਸ਼ਾਖ਼ਾਂ ਨਿਕਲ ਆਉਂਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਹਨ- ਗੀਤ, ਗ਼ਜ਼ਲ, ਕਵਿਤਾ ਅਤੇ ਵਾਰ। ਇਹਨਾਂ ਵਿੱਚ ‘ਕਵਿਤਾ’ ਇੱਕ ਵੱਖਰੀ ਵੰਨਗੀ ਦੇ ਤੌਰ ’ਤੇ ਫਿਰ ਸ਼ਾਮਿਲ ਰਹਿੰਦੀ ਹੈ।
*****
ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।
ਸੰਧੂ ਸਾਹਿਬ ਜੀ ,
ReplyDeleteਬਹੁਤ ਬਹੁਤ ਸ਼ੁਕਰੀਆ ਇਸ ਲੇਖ ਲਈ ..
ਮੈਨੂ ਤੁਹਾਡੀ ਕਿਤਾਬ release ਦੀ ਉਡੀਕ ਰਹੇਗੀ ...
ਧਨਵਾਦ ਸਾਹਿਤ ,
ਰਾਜ ਲਾਲੀ ਸ਼ਰਮਾ